क्षेत्रीय

Blog single photo

ਮੰਡੀਆਂ 'ਤੇ ਸ਼ੈਲਰ ਮਾਲਕਾਂ ਦੀਆਂ ਸਮੱਸਿਆਵਾਂ ਤੋਂ ਭੱਜ ਨਹੀਂ ਸਕਦੀ ਸਰਕਾਰ-ਚੀਮਾ

09/10/2019

ਮੰਡੀਆਂ 'ਤੇ ਸ਼ੈਲਰ ਮਾਲਕਾਂ ਦੀਆਂ ਸਮੱਸਿਆਵਾਂ ਤੋਂ ਭੱਜ ਨਹੀਂ ਸਕਦੀ ਸਰਕਾਰ-ਚੀਮਾ

ਸਿਆਸਤ ਤੋਂ ਪ੍ਰੇਰਿਤ ਨਹੀਂ ਭ੍ਰਿਸ਼ਟਾਚਾਰ ਅਤੇ ਮਾਰੂ ਨੀਤੀਆਂ ਤੋਂ ਪੀੜਤ ਨੇ ਸ਼ੈਲਰ ਮਾਲਕ-ਨੀਨਾ ਮਿੱਤਲ
ਚੰਡੀਗੜ੍ਹ,09 ਅਕਤੂਬਰ (ਹਿੰ.ਸ.)। ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਅਤੇ ਖ਼ੁਰਾਕ ਸਪਲਾਈ ਵਿਭਾਗ 'ਚ ਉੱਪਰ ਤੋਂ ਹੇਠਾਂ ਤੱਕ ਫੈਲੇ ਭ੍ਰਿਸ਼ਟਾਚਾਰ ਨੂੰ ਮੰਡੀਆਂ 'ਚ ਕਿਸਾਨਾਂ ਦੀ ਖੱਜਲ-ਖ਼ੁਆਰੀ ਅਤੇ ਸ਼ੈਲਰ ਮਾਲਕਾਂ ਦੇ ਰੋਸ ਦਾ ਮੁੱਖ ਕਾਰਨ ਦੱਸਿਆ ਹੈ। ਬੁੱਧਵਾਰ ਨੂੰ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪਾਰਟੀ ਦੇ ਵਪਾਰ ਵਿੰਗ ਦੀ ਪ੍ਰਧਾਨ ਅਤੇ ਨਿਊ ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ ਦੀ ਐਡਹਾਕ ਪ੍ਰਧਾਨ ਨੀਨਾ ਮਿੱਤਲ ਨੇ ਕਿਹਾ ਕਿ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਈ ਨੂੰ ਅਜੇ 10 ਦਿਨ ਵੀ ਪੂਰੇ ਨਹੀਂ ਹੋਏ ਪਰੰਤੂ ਮੰਡੀਆਂ 'ਚ ਕਿਸਾਨਾਂ ਦੀ ਪਰੇਸ਼ਾਨੀ ਦਿਨ-ਪ੍ਰਤੀ ਦਿਨ ਵਧਦੀ ਜਾ ਰਹੀ ਹੈ, ਜੇਕਰ ਪੰਜਾਬ ਅਤੇ ਕੇਂਦਰ ਸਰਕਾਰ ਨੇ ਸੂਬੇ ਭਰ ਦੇ 4000 ਸ਼ੈਲਰ ਮਾਲਕਾਂ ਨੂੰ ਦਰਪੇਸ਼ ਦਿੱਕਤਾਂ ਦਾ ਹੱਲ ਨਾ ਕੀਤਾ ਤਾਂ ਨਾ ਕੇਵਲ ਕਿਸਾਨਾਂ, ਸਗੋਂ ਟਰਾਂਸਪੋਰਟਰਾਂ, ਲੇਬਰ, ਆੜ੍ਹਤੀਆਂ ਸਮੇਤ ਸ਼ੈਲਰ ਮਾਲਕਾਂ ਦੀਆਂ ਵਪਾਰਕ ਪਰੇਸ਼ਾਨੀਆਂ ਹੋਰ ਵਧਣਗੀਆਂ ਕਿਉਂਕਿ ਸੂਬਾ ਸਰਕਾਰ ਦੀ ਨਵੀਂ ਕਸਟਮ ਮਿਲਿੰਗ ਨੀਤੀ ਨੂੰ ਸ਼ੈਲਰ ਉਦਯੋਗ ਸਹਿਣ ਕਰਨ ਦੀ ਸਮਰੱਥਾ 'ਚ ਨਹੀਂ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇੰਜ ਲੱਗ ਰਿਹਾ ਕਿ ਸਰਕਾਰ ਸਮੱਸਿਆਵਾਂ ਦਾ ਹੱਲ ਕਰਨ ਦੀ ਥਾਂ ਭੱਜ ਰਹੀ ਹੈ, ਪਰੰਤੂ ਸੂਬਾ ਅਤੇ ਕੇਂਦਰ ਸਰਕਾਰਾਂ ਨੂੰ ਆਪਣੀ ਬੁਨਿਆਦੀ ਜ਼ਿੰਮੇਵਾਰੀ ਤੋਂ ਭੱਜਣ ਨਹੀਂ ਦਿੱਤਾ ਜਾਵੇਗਾ। ਚੀਮਾ ਨੇ ਮੰਗ ਕੀਤੀ ਕਿ ਝੋਨੇ ਦੇ ਸੀਜ਼ਨ ਅਤੇ ਇਸ ਕੜੀ 'ਚ ਕਿਸਾਨਾਂ ਸਮੇਤ ਸ਼ਾਮਲ ਸਾਰੇ ਵਪਾਰੀਆਂ-ਕਾਰੋਬਾਰੀਆਂ, ਟਰਾਂਸਪੋਰਟਰਾਂ ਅਤੇ ਦਿਹਾੜੀਦਾਰਾਂ ਨੂੰ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਰਕਾਰ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਇਜਲਾਸ ਤੁਰੰਤ ਬੁਲਾਏ ਤਾਂ ਕਿ ਹਰੇਕ ਸਮੱਸਿਆ ਜਾ ਸ਼ਿਕਾਇਤ 'ਤੇ ਵਿਸਥਾਰ ਸਹਿਤ ਬਹਿਸ ਕਰਕੇ ਉਸਦਾ ਤੁਰੰਤ ਹੱਲ ਕੱਢਿਆ ਜਾ ਸਕੇ। ਨੀਨਾ ਮਿੱਤਲ ਨੇ ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਵੱਲੋਂ ਸ਼ੈਲਰ ਮਾਲਕਾਂ ਦੇ ਰੋਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸੇ ਜਾਣ 'ਤੇ ਮੰਤਰੀ ਆਸ਼ੂ ਦੀ ਜ਼ੋਰਦਾਰ ਸ਼ਬਦਾਂ 'ਚ ਨਿਖੇਧੀ ਕੀਤੀ। ਨੀਨਾ ਮਿੱਤਲ ਨੇ ਕਿਹਾ ਕਿ ਸ਼ੈਲਰ ਮਾਲਕਾਂ ਅਤੇ ਮੰਡੀਆਂ 'ਚ ਕਿਸਾਨਾਂ ਨੂੰ ਹੋ ਰਹੀਆਂ ਪਰੇਸ਼ਾਨੀਆਂ ਦਾ ਅਸਲ ਕਾਰਨ ਸਰਕਾਰਾਂ ਦੀਆਂ ਮਾਰੂ ਨੀਤੀਆਂ ਅਤੇ ਉੱਪਰ ਤੋਂ ਹੇਠਾਂ ਤੱਕ ਫੈਲਿਆ ਭ੍ਰਿਸ਼ਟਾਚਾਰ ਹੈ। 
ਹਿੰਦੂਸਥਾਨ ਸਮਾਚਾਰ/ਸੰਜੀਵ/ਨਰਿੰਦਰ ਜੱਗਾ


 
Top