राष्ट्रीय

Blog single photo

ਆਂਗਣਵਾੜੀ ਵਰਕਰਾਂ ਨੂੰ ਘਰ -ਘਰ ਕਰੋਨਾ ਸਰਵੇ ਦਾ ਹੁਕਮ, ਬਿਨਾਂ ਮਾਸਕ ਅਤੇ ਸੈਨੇਟਾਈਜਰ ਤੋਂ

21/03/2020



ਆਂਗਣਵਾੜੀ ਵਰਕਰਾਂ ਨੂੰ ਘਰ -ਘਰ ਕਰੋਨਾ ਸਰਵੇ ਦਾ ਹੁਕਮ, ਬਿਨਾਂ ਮਾਸਕ ਅਤੇ ਸੈਨੇਟਾਈਜਰ ਤੋਂ  

ਚੰਡੀਗੜ੍ਹ , 21 ਮਾਰਚ ( ਹਿ ਸ ):  ਪੰਜਾਬ ਵਿਚ ਕੰਮ ਕਰ ਰਹੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪੰਜਾਬ ਸਰਕਾਰ ਉਂਝ ਤਾਂ ਸਿਰਫ ਸ਼ੋਸਲ ਵਰਕਰ ਹੀ ਮੰਨਦੀ ਹੈ ਤੇ 45 ਸਾਲ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਉਹਨਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜ਼ਾ ਨਹੀ ਦਿੱਤਾ ਗਿਆ ,ਪਰ ਜਦੋਂ ਕੋਈ ਐਮਰਜੈਂਸੀ ਵਾਲੇ ਹਾਲਾਤ ਸੂਬੇ ਅੰਦਰ ਬਣਦੇ ਹਨ ਤਾਂ ਫੇਰ ਸਰਕਾਰ ਨੂੰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਯਾਦ ਆ ਜਾਂਦੀ ਹੈ ਤੇ ਉਹਨਾਂ ਨੂੰ ਮੂਹਰੇ ਕਰ ਦਿੱਤਾ ਜਾਂਦਾ ਹੈ। ਹੁਣ ਪ੍ਰਸ਼ਾਸ਼ਨ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹੁਕਮ ਚਾੜਿਆ ਹੈ ਕਿ ਘਰ-ਘਰ ਜਾ ਕੇ ਸਰਵੇ ਕਰੋ ਤੇ ਇਹ ਪਤਾ ਲਗਾਉ ਕਿ ਕਿਤੇ ਕੋਈ ਕੋਰੋਨਾ ਵਾਇਰਸ ਸ਼ੱਕੀ ਮਰੀਜ਼ ਤਾਂ ਨਹੀਂ। ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਵੇ। ਪਰ ਆਂਗਣਵਾੜੀ ਵਰਕਰਾਂ ਦਾ ਕਹਿਣਾ ਹੈ ਕਿ ਉਹ ਕਿਸ ਤਰੀਕੇ ਨਾਲ ਪਤਾ ਲਗਾਉਣ। ਇਹ ਤਾਂ ਉਹਨਾਂ ਦਾ ਮਹਿਕਮਾ ਨਹੀਂ। ਇਹ ਕੰਮ ਸਿਹਤ ਵਿਭਾਗ ਦਾ ਹੈ। ਏਨਮ ਤੇ ਆਸ਼ਾ ਵਰਕਰਾਂ ਸਰਵੇ ਕਰਨ। ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਉਹ ਇਨਸਾਨੀਅਤ ਨਾਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਦਾ ਸਹਿਯੋਗ ਕਰ ਸਕਦੀਆਂ ਹਨ ਪਰ ਪਹਿਲਾਂ ਉਹਨਾਂ ਦੀ ਖੁਦ ਦੀ ਜਾਨ ਨੂੰ ਸੁਰੱਖਿਅਤ ਕਰਨ ਲਈ ਮਾਸਕ, ਦਸਤਾਨੇ ਤੇ ਸੈਨੇਟਾਈਜਰ ਆਦਿ ਮੁਹੱਈਆ ਕਰਵਾਇਆ ਜਾਵੇ। ਉਹਨਾਂ ਇਹ ਵੀ ਕਿਹਾ ਕਿ ਬਾਕੀ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਨੂੰ ਸਰਕਾਰ ਨੇ ਛੁੱਟੀਆਂ ਕਰ ਦਿੱਤੀਆਂ ਹਨ ਪਰ ਵਰਕਰਾਂ ਤੇ ਹੈਲਪਰਾਂ ਅਜੇ ਵੀ ਡਿਊਟੀ 'ਤੇ ਜਾ ਰਹੀਆਂ ਹਨ। ਜਦ ਕਿ ਉਹਨਾਂ ਨੇ ਆਪਣੇ ਲਾਭਪਾਤਰੀਆਂ ਨੂੰ 31 ਮਾਰਚ ਤੱਕ ਕੱਚਾ ਖਾਣਾ ਘਰਾਂ ਵਿਚ ਮੁਹੱਈਆ ਕਰਵਾ ਦਿੱਤਾ ਹੈ। ਯੂਨੀਅਨ ਦੀ ਮੰਗ ਹੈ ਕਿ ਵਰਕਰਾਂ ਤੇ ਹੈਲਪਰਾਂ ਨੂੰ ਵੀ ਛੁੱਟੀਆਂ ਕੀਤੀਆਂ ਜਾਣ।

ਹਿੰਦੁਸਥਾਨ ਸਮਾਚਾਰ /ਨਰਿੰਦਰ ਜੱਗਾ /ਕੁਸਮ .


 
Top