मनोरंजन

Blog single photo

ਇੰਡਸਟਰੀ ਦੀ ਮਦਦ ਲਈ ਸਰਕਾਰ ਵਧਾਏ ਹੱਥ : ਜਯਾ ਬੱਚਨ

15/09/2020


ਨਵੀਂ ਦਿੱਲੀ, 15 ਸਤੰਬਰ (ਹਿ.ਸ.)। ਮਾਨਸੂਨ ਸੈਸ਼ਨ ਦੇ ਦੂਜੇ ਦਿਨ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਨੇ ਰਾਜ ਸਭਾ ਵਿੱਚ ਕਿਹਾ ਕਿ ਸਿਨੇਮਾ ਉਦਯੋਗ ਮਾੜੇ ਪੜਾਅ ਵਿੱਚੋਂ ਲੰਘ ਰਿਹਾ ਹੈ। ਸਰਕਾਰ ਤੇ ਸਿਨੇਮਾ ਉਦਯੋਗ ਵੱਲ ਧਿਆਨ ਨਾ ਦੇਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਕੁਝ ਲੋਕ ਸਥਿਤੀ ਤੋਂ ਧਿਆਨ ਹਟਾਉਣ ਲਈ ਪੁੱਠੇ-ਸਿੱਧੇ ਬਿਆਨ ਦੇ ਰਹੇ ਹਨ।

ਜਯਾ ਬੱਚਨ ਨੇ ਸਦਨ ਵਿਚ ਜ਼ੀਰੋ ਆਵਰ ਦੀ ਕਾਰਵਾਈ ਦੌਰਾਨ ਇਹ ਮੁੱਦਾ ਚੁੱਕਿਆ ਅਤੇ ਕਿਹਾ ਕਿ ਕੁਝ ਲੋਕ ਜਿਨ੍ਹਾਂ ਨੇ ਸਿਨੇਮਾ ਉਦਯੋਗ ਕਾਰਨ ਨਾਮ ਕਮਾਇਆ ਹੈ, ਉਹ ਇਸ ਨੂੰ ‘ਗਟਰ’ ਕਹਿ ਰਹੇ ਹਨ। ਸਮਝਿਆ ਜਾਂਦਾ ਹੈ ਕਿ ਉਨ੍ਹਾਂ ਦਾ ਹਵਾਲਾ ਸਿਨੇਮਾ ਅਦਾਕਾਰ ਅਤੇ ਸੰਸਦ ਮੈਂਬਰ ਰਵੀ ਕਿਸ਼ਨ ਦਾ ਸੀ।

ਬੱਚਨ ਨੇ ਸਦਨ ਵਿੱਚ ਬੋਲਦਿਆਂ ਕਿਹਾ ਕਿ ਕੁਝ ਲੋਕ ਸੋਸ਼ਲ ਮੀਡੀਆ ਰਾਹੀਂ ਅਸਲ ਮੁੱਦਿਆਂ ਵੱਲੋਂ ਧਿਆਨ ਹਟਾ ਰਹੇ ਹਨ। ਕਿਸੇ ਦਾ ਨਾਮ ਲਏ ਬਗੈਰ, ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਜਿਹੜੀ ਥਾਲੀ ਵਿਚ ਖਾ ਰਹੇ ਹਨ ਉਸੇ ਵਿੱਚ ਹੀ ਛੇਕ ਬਣਾ ਰਹੇ ਹਨ।

ਸਪਾ ਸੰਸਦ ਨੇ ਸਿਨੇਮਾ ਦੀ ਮੌਜੂਦਾ ਸਥਿਤੀ 'ਤੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਉਦਯੋਗ ਨੂੰ ਨਾਜ਼ੁਕ ਸਥਿਤੀ ਵਿਚ ਸਰਕਾਰ ਦੀ ਸਹਾਇਤਾ ਨਹੀਂ ਮਿਲ ਰਹੀ। ਉਨ੍ਹਾਂ ਨੇ ਉਮੀਦ ਜਤਾਈ ਕਿ ਸਰਕਾਰ ਸਿਨੇਮਾ ਜਗਤ ਨੂੰ ਪੁੱਠਾ-ਸਿੱਧਾ ਬੋਲਣ ਵਾਲੇ ਲੋਕਾਂ ਨੂੰ ਇਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਕਰਨ ਤੋਂ ਰੋਕਣ ਲਈ ਕਹੇਗੀ। 

ਜਯਾ ਨੇ ਕਿਹਾ ਕਿ ਸਮੁੱਚੇ ਸਿਨੇਮਾ ਇੰਡਸਟਰੀ ਦਾ ਅਕਸ ਸਿਰਫ ਕੁਝ ਲੋਕਾਂ ਦੁਆਰਾ ਖਰਾਬ ਨਹੀਂ ਕੀਤਾ ਜਾ ਸਕਦਾ। ਲੋਕ ਸਭਾ ਵਿੱਚ ਇੱਕ ਮੈਂਬਰ ਵੱਲੋਂ ਉਠਾਏ ਮੁੱਦੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ ਕਿ ਇਸ ਉਦਯੋਗ ਨੂੰ ਬਦਨਾਮ ਕੀਤਾ ਜਾ ਰਿਹਾ ਹੈ।

ਬੱਚਨ ਨੇ ਕਿਹਾ ਕਿ ਸਿਨੇਮਾ ਜਗਤ ਨੇ ਹਮੇਸ਼ਾਂ ਹੀ ਸਰਕਾਰ ਅਤੇ ਦੇਸ਼ ਨੂੰ ਕੁਦਰਤੀ ਆਫ਼ਤਾਂ ਅਤੇ ਮੁਸੀਬਤਾਂ ਦੇ ਸਮੇਂ ਬਹਾਲ ਕਰਨ ਵਿਚ ਯੋਗਦਾਨ ਪਾਇਆ ਹੈ। ਇਸ ਖੇਤਰ ਦੇ ਲੋਕ ਭਾਰੀ ਆਮਦਨ ਟੈਕਸ ਅਦਾ ਕਰਦੇ ਹਨ ਅਤੇ ਹੋਰ ਤਰੀਕਿਆਂ ਨਾਲ ਵੀ ਸਹਾਇਤਾ ਕਰਦੇ ਹਨ। ਉਨ੍ਹਾਂ ਨੇ ਉਮੀਦ ਜਤਾਈ ਕਿ ਸਰਕਾਰ ਜਲਦੀ ਹੀ ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇਣ ਵਾਲੇ ਸਿਨੇਮਾ ਉਦਯੋਗ ਦੀ ਸਹਾਇਤਾ ਲਈ ਪਹਿਲ ਕਰੇਗੀ।

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਲੋਕ ਸਭਾ ਵਿੱਚ ਭਾਜਪਾ ਦੇ ਸੰਸਦ ਮੈਂਬਰ ਰਵੀ ਕਿਸ਼ਨ ਨੇ ਨਸ਼ਾ ਵਪਾਰ ਦੇ ਮੁੱਦੇ ਨੂੰ ਚੁੱਕਦਿਆਂ ਕਿਹਾ ਸੀ ਕਿ ਸਿਨੇਮਾ ਦੀ ਦੁਨੀਆ ਵਿੱਚ ਵੀ ਨਸ਼ਿਆਂ ਦਾ ਕਾਰੋਬਾਰ ਚੱਲ ਰਿਹਾ ਹੈ।

ਹਿੰਦੁਸਥਾਨ ਸਮਾਚਾਰ/ਅਜੀਤ ਪਾਠਕ/ਕੁਸੁਮ


 
Top