क्षेत्रीय

Blog single photo

ਡੀਐਸਪੀ ਸੇਖੋਂ ਵੱਲੋਂ ਲਾਏ ਇਲਜ਼ਾਮਾਂ 'ਤੇ ਕੈਬਨਿਟ ਮੰਤਰੀ ਆਸ਼ੂ ਦਾ ਪਲਟਵਾਰ

23/02/2020

ਡੀਐਸਪੀ ਸੇਖੋਂ ਵੱਲੋਂ ਲਾਏ ਇਲਜ਼ਾਮਾਂ 'ਤੇ ਕੈਬਨਿਟ ਮੰਤਰੀ ਆਸ਼ੂ ਦਾ ਪਲਟਵਾਰ

ਕਿਹਾ, ਦਾਗੀ ਡੀਐਸਪੀ ਸਿਆਸੀ ਆਕਾਵਾਂ ਦੇ ਇਸ਼ਾਰੇ 'ਤੇ ਮੇਰੇ ਸਿਆਸੀ ਅਕਸ ਨੂੰ ਗੰਧਲਾ ਕਰਨ ਦੀ ਕੋਸ਼ਿਸ਼ ਕਰ ਰਿਹੈ
ਚੰਡੀਗੜ੍ਹ, 23 ਫਰਵਰੀ (ਹਿੰ.ਸ.)। ਮੁਅੱਤਲ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਵੱਲੋਂ ਪੰਜਾਬ ਦੇ ਖੁਰਾਕ ਸਿਵਲ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਖਿਲਾਫ ਕਥਿਤ ਦੋਸ਼ ਲਗਾਉਣ ਮਗਰੋਂ ਉਨ੍ਹਾਂ ਨੇ ਵੀ ਪਲਟਵਾਰ ਕਰਦੇ ਹੋਏ ਦਾਗੀ ਡੀਐਸਪੀ ਦਾ ਖਿਤਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡੀਐਸਪੀ ਸੇਖੋਂ ਆਪਣੇ ਸਿਆਸੀ ਅਕਾਵਾਂ ਦੇ ਇਸ਼ਾਰੇ 'ਤੇ ਮੇਰੇ ਸਿਆਸੀ ਅਕਸ ਨੂੰ ਗੰਧਲਾ ਕਰਨ ਦੇ ਯਤਨ ਵੱਜੋਂ ਨਵੀਂ ਕਹਾਣੀ ਘੜ ਰਿਹਾ ਹੈ। ਉਨ੍ਹਾਂ ਕਿਹਾ ਕਿ ਡੀਐਸਪੀ ਜਾਣ ਬੁੱਝ ਕੇ 30 ਸਾਲ ਪੁਰਾਣਾ ਕੇਸ ਉਛਾਲਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਵਿੱਚ ਮਾਣਯੋਗ ਅਦਾਲਤ ਨੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਉਨ੍ਹਾਂ ਨੂੰ ਨਿਰਦੋਸ਼ ਘੋਸ਼ਿਤ ਕਰ ਦਿੱਤਾ ਸੀ। ਆਸ਼ੂ ਨੇ ਕਿਹਾ ਕਿ ਇੱਕ ਦਾਗੀ ਪੁਲਿਸ ਅਧਿਕਾਰੀ ਵਲੋਂ ਉਨ੍ਹਾਂ 'ਤੇ ਲਗਾਈ ਦੋਸ਼ ਮਹਿਜ਼ ਝੂਠ ਦਾ ਪੁਲੰਦਾ ਹਨ ਅਤੇ ਡੀਐਸਪੀ ਦੀ ਇਸ ਝੂਠੀ ਦੂਸ਼ਣਬਾਜ਼ੀ ਦਾ ਇੱਕੋ ਇੱਕ ਮੰਤਵ ਉਨ੍ਹਾਂ ਦੇ ਸਿਆਸੀ ਕਿਰਦਾਰ 'ਤੇ ਧੱਬਾ ਲਾਉਣਾ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਕੋਈ ਵੀ ਕਾਨੂੰਨ ਤੋਂ ਉੱਚਾ ਨਹੀਂ ਹੈ ਅਤੇ ਲੋਕਾਂ ਪ੍ਰਤੀ ਆਪਣੇ ਮਾੜੇ ਵਤੀਰੇ ਕਾਰਨ ਸਮੇਂ-ਸਮੇਂ ਮੁਅੱਤਲ ਕੀਤਾ ਜਾਂਦਾ ਇੱਕ ਪੁਲਿਸ ਅਧਿਕਾਰੀ ਖੁਦ ਨੂੰ ਝੂਠ ਅਤੇ ਭੱਦੀ ਬਿਆਨਬਾਜ਼ੀ ਨਾਲ ਉਸਾਰੀ ਧੂੰਏਂ ਦੀ ਦੀਵਾਰ ਪਿੱਛੇ ਲੁਕਾ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਰਮਨਾਕ ਝੂਠਾ ਦਾ ਜਵਾਬ ਦੇਣਾ ਵੀ ਮੇਰੇ ਲਈ ਹੱਤਕ ਵਾਲੀ ਗੱਲ ਹੈ। ਇਹ ਸ਼ਰਮਨਾਕ ਸੀ ਕਿ ਮੇਰੇ ਪਰਿਵਾਰ ਦੇ ਇਕ ਮੈਂਬਰ ਦਾ ਨਾਮ ਇਸ ਵਿਚ ਖਿੱਚਿਆ ਜਾ ਰਿਹਾ ਹੈ ਜੋ ਹੁਣ ਦੁਨੀਆਂ ਵਿਚ ਨਹੀਂ ਹੈ। ਆਸ਼ੂ ਨੇ ਦੱਸਿਆ ਕਿ ਮੇਰੇ ਚਾਚੇ ਦੀ ਕੁਦਰਤੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਮੇਰੀ ਜ਼ਿੰਦਗੀ ਜਾਂਚ -ਪੜਤਾਲ ਲਈ ਖੁੱਲੀ ਹੈ ਅਤੇ ਕਾਨੂੰਨੀ ਪ੍ਰਕਿਰਿਆਵਾਂ ਖਤਮ ਹੋਣ ਤੋਂ ਬਾਅਦ ਹੀ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ। ਮੁਅੱਤਲ ਕੀਤੇ ਡੀ.ਐਸ.ਪੀ ਵੱਲੋਂ ਲਗਾਏ ਝੂਠੇ ਦੋਸ਼ਾਂ 'ਤੇ ਸਖ਼ਤ ਵਿਰੋਧ ਕਰਦਿਆਂ ਆਸ਼ੂ ਨੇ ਕਿਹਾ ਕਿ ਜੇ ਉਹ ਕੁਝ ਕਹਿਣਾ ਚਾਹੁੰਦਾ ਹੈ ਤਾਂ ਉਸਨੂੰ ਅਦਾਲਤਾਂ ਕੋਲ ਜਾਣਾ ਚਾਹੀਦਾ ਜੋ ਅਜਿਹੇ ਮਾਮਲਿਆਂ ਦਾ ਫ਼ੈਸਲਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹਨ।
ਹਿੰਦੂਸਥਾਨ ਸਮਾਚਾਰ/ਸੰਜੀਵ/ਨਰਿੰਦਰ ਜੱਗਾ 


 
Top