क्षेत्रीय

Blog single photo

ਪੰਜਾਬ 'ਚ ਜ਼ਿਮ ਖੋਹਲਣ ਦੀ ਇਜ਼ਾਜਤ ਨਹੀਂ , ਸਰਕਾਰ ਦਾ ਸਾਫ ਜੁਆਬ .

31/07/2020

ਸਾਰਾਗੜ੍ਹੀ ਸ਼ਹੀਦ ਈਸ਼ਰ ਸਿੰਘ ਦੀ ਯਾਦ 'ਚ ਬਣ ਰਹੇ ਹਸਪਤਾਲ ਦਾ ਸਿਹਤ ਮੰਤਰੀ ਨੇ ਰੱਖਿਆ ਨੀਂਹ ਪੱਥਰ
ਰਾਏਕੋਟ/ਲੁਧਿਆਣਾ, 31 ਜੁਲਾਈ ( ਹਿ ਸ ) - ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਰਾਏਕੋਟ ਤਹਿਸੀਲ ਦੇ ਪਿੰਡ ਝੋਰੜਾਂ ਵਿਖੇ 10 ਬਿਸਤਰਿਆਂ ਵਾਲੇ ਪ੍ਰਾਇਮਰੀ ਹੈਲਥ ਸੈਂਟਰ (ਪੀ.ਐਚ.ਸੀ.) ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਇਹ ਹੈਲਥ ਸੈਂਟਰ ਸਾਰਾਗੜ੍ਹੀ ਯੁੱਧ ਦੇ ਸ਼ਹੀਦ ਹੌਲਦਾਰ ਈਸ਼ਰ ਸਿੰਘ ਦੀ ਯਾਦ 'ਚ ਬਣਾਇਆ ਜਾ ਰਿਹਾ ਹੈ। ਇਹ ਹੈਲਥ ਸੈਂਟਰ 55 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਹ ਪ੍ਰਾਇਮਰੀ ਹੈਲਥ ਸੈਂਟਰ ਅਗਲੇ 6 ਮਹੀਨਿਆਂ 'ਚ ਮੁਕੰਮਲ ਤੈਆਰ ਹੋ ਜਾਵੇਗਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ  ਨੇ ਦੱਸਿਆ ਕਿ ਇਹ ਇੱਕ 10 ਬਿਸਤਰਿਆਂ ਵਾਲਾ ਪ੍ਰਾਇਮਰੀ ਹੈਲਥ ਸੈਂਟਰ ਹੋਵੇਗਾ ਜਿਸ ਵਿੱਚ ਹੋਰ ਸਹੂਲਤਾਂ ਤੋਂ ਇਲਾਵਾ ਕੋਲਡ ਚੇਨ ਰੂਮ, ਟੀਕਾਕਰਨ ਕਮਰਾ, ਵਾਰਡ, ਲੇਬਰ ਰੂਮ ਅਤੇ ਲੈਬੋਰਟਰੀ ਆਦਿ ਦੀ ਸਹੂਲਤ ਹੋਵੇਗੀ।
ਉਨਾਂ ਕਿਹਾ ਕਿ ਸੂਬੇ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਹੋਰ ਹਸਪਤਾਲ ਅਤੇ ਟਰੌਮਾ ਸੈਂਟਰ ਸਥਾਪਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਹੋਰ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਲਈ ਜਲਦ ਹੀ 7055 ਡਾਕਟਰਾਂ ਅਤੇ ਹੋਰ ਸਟਾਫ਼ ਦੀ ਭਰਤੀ ਕੀਤੀ ਜਾ ਰਹੀ ਹੈ। ਸਟਾਫ਼ ਵਿੱਚ 500 ਮੈਡੀਕਲ ਅਫ਼ਸਰ, 500 ਸਪੈਸ਼ਲਿਸਟ ਡਾਕਟਰ, ਪੈਰਾ ਮੈਡੀਕਲ ਸਟਾਫ਼, ਏ.ਐੱਨ.ਐੱਮਜ਼, ਮਲਟੀਪਰਪਜ਼ ਹੈੱਲਥ ਵਰਕਰ, ਨਰਸਿਜ਼, ਟੈਕਨੀਕਲ ਸਟਾਫ਼ ਅਤੇ ਹੋਰ ਵੀ ਸ਼ਾਮਿਲ ਹਨ।
ਸ੍ਰ. ਸਿੱਧੂ ਨੇ ਕਿਹਾ ਕਿ ਕੋਵਿਡ 19 ਦੌਰਾਨ ਸਿਹਤ ਵਿਭਾਗ ਦੇ ਸਟਾਫ਼ ਵੱਲੋਂ ਲੋਕਾਂ ਦੀ ਸਿਹਤ ਸੁਰੱਖਿਆ ਲਈ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਇਸ ਸਥਿਤੀ ਵਿੱਚ ਮੋਹਰੀ ਹੋ ਕੇ ਲੜ੍ਹ ਰਿਹਾ ਹੈ। ਇਸੇ ਕਾਰਨ ਹੀ ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ ਵਿੱਚ ਪੀੜਤਾਂ ਦੀ ਗਿਣਤੀ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਫਤਿਹ' ਤਹਿਤ ਸਿਹਤ ਵਿਭਾਗ ਦਾ ਸਟਾਫ਼ ਲੋਕਾਂ ਨੂੰ ਕੋਰੋਨਾ  ਬਿਮਾਰੀ ਦਾ ਟਾਕਰਾ ਕਰਨ ਲਈ ਜਾਗਰੂਕ ਕਰੇਗਾ।
ਪੰਜਾਬ 'ਚ ਜਿੰਮ ਖੋਲਣ ਬਾਰੇ ਪੁੱਛੇ ਗਏ ਸਵਾਲ ਸਬੰਧੀ ਬਲਬੀਰ ਸਿੱਧੂ ਨੇ ਕਿਹਾ ਪੰਜਾਬ ਸਰਕਾਰ ਨੇ ਫਿਲਹਾਲ ਇਸ ਦੀ ਇਜ਼ਾਜਤ ਨਹੀਂ ਦਿੱਤੀ ਹੈ। ਜਿੰਮ ਖੁੱਲਣ ਨਾਲ ਵੱਡੀ ਗਿਣਤੀ 'ਚ ਲੋਕ ਸੰਕਰਮਿਤ ਹੋ ਸਕਦੇ ਹਨ।
ਫਤਹਿਗੜ੍ਹ ਸਾਇਬ ਤੋਂ ਸੰਸਦ ਮੈਬਰ ਡਾ. ਅਮਰ ਸਿੰਘ ਨੇ ਮੰਤਰੀ  ਦਾ ਇਸ ਪ੍ਰਾਇਮਰੀ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਇਲਾਕਾ ਨਿਵਾਸੀਆਂ ਦੀ ਚਿਰੌਕਣੀ ਮੰਗ ਪੂਰੀ ਹੋਈ ਹੈ ਤੇ ਉਨ੍ਹਾ ਲਈ ਲਾਹੇਵੰਦ ਰਹੇਗੀ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਰਾਏਕੋਟ ਹਲਕੇ 'ਚ ਚੱਲ ਰਹੇ ਵਿਕਾਸ ਕਾਰਜ਼ ਜਲਦ ਹੀ ਪੂਰੇ ਕੀਤੇ ਜਾਣਗੇ। ਇਸ ਤੋਂ ਪਹਿਲਾਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਪਿੰਡ ਵਿੱਚ ਸਾਰਾਗੜ੍ਹੀ ਯੁੱਧ ਦੇ ਸ਼ਹੀਦ ਹਵਾਲਦਾਰ ਈਸ਼ਰ ਸਿੰਘ ਦੀ ਯਾਦਗਾਰ ਵਿਖੇ ਮੱਥਾ ਟੇਕਿਆ।

ਹਿੰਦੁਸਥਾਨ ਸਮਾਚਾਰ / ਕੇ ਕੋਹਲੀ / ਨਰਿੰਦਰ ਜੱਗਾ....


 
Top