क्षेत्रीय

Blog single photo

ਸਮੁੱਚੇ ਕਪੂਰਥਲਾ ਸ਼ਹਿਰ ਹੋਵੇਗਾ ਸੈਨੀਟਾਈਜ਼, ਮੁਫ਼ਤ ਸੈਨੀਟਾਈਜ਼ ਵੰਡਣਾ ਸ਼ੁਰੂ

25/03/2020

ਸਮੁੱਚੇ ਕਪੂਰਥਲਾ ਸ਼ਹਿਰ ਹੋਵੇਗਾ ਸੈਨੀਟਾਈਜ਼, ਮੁਫ਼ਤ ਸੈਨੀਟਾਈਜ਼ ਵੰਡਣਾ ਸ਼ੁਰੂ 

ਪੰਜਾਬ ਸਰਕਾਰ ਨੂੰ ਵੀ ਭੇਜਿਆ ਜਾਵੇਗਾ 10 ਲੱਖ ਰੁਪਏ ਦਾ ਸੈਨੀਟਾਈਜ਼ਰ

ਕਪੂਰਥਲਾ, 25 ਮਾਰਚ  ( ਹਿ ਸ ) :  
ਕੋਰੋਨਾ ਵਾਇਰਸ ਤੋਂ ਬਚਾਅ ਲਈ ਸਮੁੱਚੇ ਕਪੂਰਥਲਾ ਸ਼ਹਿਰ ਨੂੰ ਸੈਨੀਟਾਈਜ਼ ਕੀਤਾ ਜਾਵੇਗਾ। ਇਹ ਪ੍ਰਗਟਾਵਾ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅੱਜ ਸਥਾਨਕ ਨਗਰ ਨਿਗਮ ਦਫ਼ਤਰ ਤੋਂ ਸੈਨੇਟਾਈਜ਼ਰ ਉਪਕਰਨਾਂ ਨਾਲ ਲੈਸ 12 ਟਰੈਕਟਰ ਸ਼ਹਿਰ ਦੇ ਵੱਖ-ਵੱਖ ਵਾਰਡਾਂ ਲਈ ਰਵਾਨਾ ਕਰਨ ਮੌਕੇ ਕੀਤਾ। ਉਨਾਂ ਕਿਹਾ ਕਿ ਇਨਾਂ ਟਰੈਕਟਰਾਂ ਰਾਹੀਂ ਤਿੰਨ ਦਿਨਾ ਅੰਦਰ ਪੂਰੇ ਸ਼ਹਿਰ ਵਿਚ ਲਗਾਤਾਰ ਸੈਨੇਟਾਈਜ਼ਰ ਦੀ ਸਪਰੇਅ ਕੀਤੀ ਜਾਵੇਗੀ ਤਾਂ ਜੋ ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਤੋਂ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਨੇ ਇਸ ਵਾਇਰਸ ਤੋਂ ਸੂਬਾ ਵਾਸੀਆਂ ਨੂੰ ਬਚਾਉਣ ਲਈ ਹਰੇਕ ਲੋੜੀਂਦੇ ਕਦਮ ਚੁੱਕੇ ਹਨ ਅਤੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨ। ਉਨਾਂ ਕਿਹਾ ਕਿ ਉਹ ਆਪਣੇ ਵੱਲੋਂ ਪੰਜਾਬ ਸਰਕਾਰ ਨੂੰ 10 ਲੱਖ ਰੁਪਏ ਦਾ ਸੈਨੀਟਾਈਜ਼ਰ ਭੇਜਣਗੇ, ਤਾਂ ਜੋ ਬਾਕੀ ਜ਼ਿਲਿਆਂ ਵਿਚ ਵੀ ਇਸ ਦਾ ਛਿੜਕਾਅ ਹੋ ਸਕੇ।
  ਉਨਾਂ ਕਿਹਾ ਕਿ ਕਪੂਰਥਲਾ ਸ਼ਹਿਰ ਦੇ 49 ਹਜ਼ਾਰ ਦੇ ਕਰੀਬ ਘਰਾਂ ਵਿਚ ਸੈਨੇਟਾਈਜ਼ਰ ਦੀਆਂ ਬੋਤਲਾਂ ਬਿਲਕੁਲ ਮੁਫ਼ਤ ਪਹੁੰਚਾਈਆਂ ਜਾਣਗੀਆਂ। ਉਨਾਂ ਇਹ ਵੀ ਕਿਹਾ ਕਿ ਲੋਕਾਂ ਦੇ ਘਰਾਂ ਵਿਚ ਲੋੜੀਂਦਾ ਸਾਮਾਨ ਮੁਹੱਈਆ ਕਰਵਾਉਣ ਲਈ ਵਾਰਡ ਵਾਈਜ਼ ਹੈਲਪ ਲਾਈਨਾਂ ਬਣਾਈਆਂ ਜਾਣਗੀਆਂ। ਇਸੇ ਤਰਾਂ ਸਲੱਮ ਏਰੀਏ ਵਿਚ ਲੋੜਵੰਦਾਂ ਨੂੰ 15 ਦਿਨਾ ਦਾ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ। ਇਸ ਦੌਰਾਨ ਉਨਾਂ ਮੱਛਰ ਕਾਲੋਨੀ ਵਿਖੇ ਸੈਨੀਟਾਈਜ਼ਰ ਦਾ ਖ਼ੁਦ ਸਪਰੇਅ ਕਰਵਾਇਆ। ਇਸ ਮੌਕੇ ਚੇਅਰਮੈਨ ਜ਼ਿਲਾ ਯੋਜਨਾ ਬੋਰਡ ਸ੍ਰੀ ਅਨੂਪ ਕੱਲਣ, ਸਿਵਲ ਸਰਜਨ ਡਾ. ਜਸਮੀਤ ਬਾਵਾ, ਕਾਰਜ ਸਾਧਕ ਅਫ਼ਸਰ ਸ੍ਰੀ ਆਦਰਸ਼ ਕੁਮਾਰ ਸ਼ਰਮਾ, ਡੀ. ਐਮ. ਸੀ ਡਾ. ਸਾਰਿਕਾ ਦੁੱਗਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਮਾਰਕੀਟ ਕਮੇਟੀ ਦੇ ਚੇਅਰਮੈਨ  ਅਵਤਾਰ ਸਿੰਘ ਔਜਲਾ ਤੇ ਉੱਪ ਚੇਅਰਮੈਨ ਰਜਿੰਦਰ ਕੌੜਾ, ਨਰਿੰਦਰ ਮੰਨਸੂ, ਦਵਿੰਦਰ ਪਾਲ ਸਿੰਘ ਰੰਗਾ, ਤਰਲੋਚਨ ਸਿੰਘ ਧਿੰਜਣ, ਵਿਸ਼ਾਲ ਸੋਨੀ,  ਵਿਕਾਸ ਸ਼ਰਮਾ, ਵਿਨੋਦ ਸੂਦ, ਬਾਵਾ ਲੱਭਾ,  ਬਲਬੀਰ ਸਿੰਘ ਬੀਰਾ, ਮਨੀਸ਼ ਅਗਰਵਾਲ ਤੇ ਹੋਰ ਹਾਜ਼ਰ ਸਨ।


ਹਿੰਦੁਸਥਾਨ ਸਮਾਚਾਰ / ਨਰਿੰਦਰ ਜੱਗਾ 


 
Top