राष्ट्रीय

Blog single photo

ਐਸਜੀਪੀਸੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ 'ਚ ਫੈਸਲਾ, ਬਜਟ ਇਜਲਾਸ ਮੁਲਤਵੀ

26/03/2020

ਐਸਜੀਪੀਸੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ 'ਚ ਫੈਸਲਾ, ਬਜਟ ਇਜਲਾਸ ਮੁਲਤਵੀ

ਫਿਲਹਾਲ 90 ਦਿਨਾਂ ਦੇ ਖ਼ਰਚਿਆਂ ਨੂੰ ਦਿੱਤੀ ਪ੍ਰਵਾਨਗੀ
ਅੰਮ੍ਰਿਤਸਰ, 26 ਮਾਰਚ (ਹਿੰ.ਸ.)। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਬਜਟ ਸਬੰਧੀ ਹੋਈ ਇਕੱਤਰਤਾ ਦੌਰਾਨ 28 ਮਾਰਚ ਨੂੰ ਹੋਣ ਵਾਲਾ ਬਜਟ ਇਜਲਾਸ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅੰਤ੍ਰਿੰਗ ਕਮੇਟੀ ਨੇ ਕੋਰੋਨਾਵਾਇਰਸ ਕਾਰਨ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਜਨਰਲ ਹਾਊਸ ਦੀ ਪ੍ਰਵਾਨਗੀ ਦੇ ਅਧਾਰ 'ਤੇ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ, ਇਨ੍ਹਾਂ ਨਾਲ ਸਬੰਧਤ ਅਦਾਰਿਆਂ ਤੇ ਸ਼ਾਖਾਵਾਂ, ਗੁਰਦੁਆਰਾ ਸਾਹਿਬਾਨ ਅਤੇ ਵਿਦਿਅਕ ਸੰਸਥਾਵਾਂ ਦੇ ਕੰਮ-ਕਾਜ ਨੂੰ ਚਲਾਉਣ ਲਈ ਫਿਲਹਾਲ 90 ਦਿਨਾਂ ਦੇ ਖਰਚਿਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਥੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਹਸਪਤਾਲ ਵੱਲ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਹੋਈ ਇਕੱਤਰਤਾ ਦੌਰਾਨ ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ ਵੱਲੋਂ ਇਸ ਸਬੰਧ ਵਿਚ ਪੇਸ਼ ਕੀਤੇ ਗਏ ਮਤੇ ਨੂੰ ਹਾਜ਼ਰ ਮੈਂਬਰਾਂ ਨੇ ਸਰਬ-ਸੰਮਤੀ ਨਾਲ ਪ੍ਰਵਾਨ ਕੀਤਾ। ਅੰਤ੍ਰਿੰਗ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਕਿ ਕੋਰੋਨਾਵਾਇਰਸ ਦੀ ਮਹਾਂਮਾਰੀ ਕਾਰਨ ਕਰਫਿਊ ਵਾਲੇ ਹਾਲਾਤਾਂ ਦੇ ਮੱਦੇਨਜ਼ਰ ਬਜਟ ਸਬੰਧੀ ਜਨਰਲ ਇਜਲਾਸ ਹਾਲਾਤ ਸੁਖਾਵੇਂ ਹੋਣ ਉਪਰੰਤ ਹੀ ਸੱਦਿਆ ਜਾਵੇਗਾ। ਇਸ ਦੌਰਾਨ ਕੋਰੋਨਾਵਾਇਰਸ ਦੀ ਮਹਾਂਮਾਰੀ ਸਬੰਧੀ ਵਿਸ਼ੇਸ਼ ਉਪਰਾਲੇ ਕਰਨ ਲਈ ਹੋਣ ਵਾਲੇ ਖਰਚ ਵੀ ਪ੍ਰਵਾਨ ਕੀਤੇ ਗਏ।
ਇਕੱਤਰਤਾ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਮੌਜੂਦਾ ਹਾਲਾਤਾਂ ਦੇ ਚੱਲਦਿਆਂ ਬਜਟ ਇਜਲਾਸ ਕਰਨਾ ਸੰਭਵ ਨਹੀਂ ਹੈ। ਇਸ ਲਈ ਹਾਲ ਦੀ ਘੜੀ ਜਨਰਲ ਹਾਊਸ ਦੀ ਪ੍ਰਵਾਨਗੀ ਦੇ ਅਧਾਰ 'ਤੇ 90 ਦਿਨਾਂ ਦੇ ਖਰਚਿਆਂ ਪ੍ਰਵਾਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਦੁਖਮਈ ਘੜੀ ਸਮੇਂ ਮਨੁੱਖਤਾ ਨਾਲ ਹਮਦਰਦੀ ਰੱਖਦੀ ਹੈ ਅਤੇ ਗੁਰੂ ਸਾਹਿਬ ਦੇ ਫਲਸਫੇ ਅਤੇ ਸਿੱਖ ਪ੍ਰੰਪਰਾ ਅਨੁਸਾਰ ਲੋੜਵੰਦਾਂ ਅਤੇ ਪੀੜਤਾਂ ਦੀ ਸਹਾਇਤਾ ਲਈ ਉਪਰਾਲੇ ਜਾਰੀ ਰੱਖੇ ਜਾਣਗੇ।
ਹਿੰਦੂਸਥਾਨ ਸਮਾਚਾਰ/ਸੰਜੀਵ/ ਨਰਿੰਦਰ ਜੱਗਾ 



 
Top