मनोरंजन

Blog single photo

ਗੈਂਗਸਟਰ 'ਤੇ ਆਧਾਰਿਤ ਫਿਲਮ ਸ਼ੂਟਰ 'ਤੇ ਰੋਕ ਵਿਰੁੱਧ ਹਾਈ ਕੋਰਟ ਵਿਚ ਸੁਣਵਾਈ ਅੱਜ।

24/02/2020

ਚੰਡੀਗੜ੍ਹ, 24 ਫਰਵਰੀ ( ਹਿ ਸ ):   ਚਰਚਿਤ ਫਿਲਮ ਸ਼ੂਟਰ 'ਤੇ ਰੋਕ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਲੱਗੀ ਰਿੱਟ ਤੇ ਅੱਜ ਸੁਣਵਾਈ ਹੋਵੇਗੀ ।ਜ਼ਿਕਰਯੋਗ ਹੈ ਕਿ ਇਸ ਚਰਚਿਤ ਫਿਲਮ ਤੇ ਪਹਿਲਾਂ ਪੰਜਾਬ ਸਰਕਾਰ ਨੇ ਅਤੇ ਫਿਰ ਹਰਿਆਣਾ ਸਰਕਾਰ ਨੇ ਵੀ ਪਾਬੰਦੀ ਲਾ ਦਿੱਤੀ ਸੀ। ਇਸ ਫ਼ਿਲਮ ਵਿੱਚ ਪੰਜਾਬ ਦੇ ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ਦੀਆਂ ਘਟਨਾਵਾਂ ਬਾਰੇ ਦੱਸਿਆ ਗਿਆ ਹੈ ।ਪੰਜਾਬ -ਹਰਿਆਣਾ ਹਾਈਕੋਰਟ ਦੇ ਵਕੀਲ ਐੱਚ ਸੀ ਅਰੋੜਾ ਨੇ ਇਸ ਸਬੰਧੀ ਇੱਕ ਪਟੀਸ਼ਨ ਦਾਖਲ ਕੀਤੀ ਸੀ ,ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਇਹ ਫ਼ਿਲਮ ਹਿੰਸਾ ਨੂੰ ਪ੍ਰੋਤਸਾਹਿਤ ਕਰਦੀ ਹੈ ।ਹਾਈਕੋਰਟ ਨੇ ਆਪਣੇ ਹੁਕਮਾਂ ਵਿੱਚ ਸਰਕਾਰਾਂ ਨੂੰ ਇਹ ਹਦਾਇਤਾਂ ਦਿੱਤੀਆਂ ਸਨ ਕਿ ਸਰਕਾਰਾਂ ਸੂਬੇ ਦੇ ਮਾਹੌਲ ਨੂੰ ਦੇਖਦੇ ਹੋਏ ਖੁਦ ਫੈਸਲਾ ਕਰਨ ।ਪੰਜਾਬ ਸਰਕਾਰ ਨੇ ਤਾਂ ਪਹਿਲਾਂ ਹੀ ਇਸ ਫ਼ਿਲਮ ਦੇ ਰਿਲੀਜ਼ ਹੋਣ 'ਤੇ ਰੋਕ ਲਾ ਦਿੱਤੀ ਸੀ ,ਜਦਕਿ ਹਾਈਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਹਰਿਆਣਾ ਸਰਕਾਰ ਨੇ ਵੀ ਇਸ ਫਿਲਮ ਦੀ ਸਕਰੀਨਿੰਗ ਨੂੰ ਰੋਕ ਦਿੱਤਾ ਸੀ ।ਹਰਿਆਣਾ ਸਰਕਾਰ ਦੇ ਗ੍ਰਹਿ ਮੰਤਰੀ ਵੱਲੋਂ ਜਾਰੀ ਹੁਕਮਾਂ ਵਿੱਚ ਸੂਬਿਆਂ ਜ਼ਿਲ੍ਹਿਆਂ ਦੇ ਤਮਾਮ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਮੁਖੀਆਂ ਨੂੰ ਹੁਕਮ ਦਿੱਤੇ ਸਨ ਕਿ ਉਹ ਆਪਣੇ ਆਪਣੇ ਖੇਤਰਾਂ ਵਿੱਚ ਇਹ ਯਕੀਨੀ ਬਣਾਉਣ ਕਿ ਇਹ ਫ਼ਿਲਮ ਰਿਲੀਜ਼ ਨਾ ਹੋਵੇ ।ਇਸ ਰੋਕ ਦੇ ਖਿਲਾਫ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਵੱਲੋਂ ਹਾਈ ਕੋਰਟ ਵਿੱਚ ਰਿੱਟ ਦਾਇਰ ਕੀਤੀ ਗਈ ਹੈ, ਜਿਸ ਵਿੱਚ ਇਸ ਫਿਲਮ ਤੇ ਪਾਬੰਦੀ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ ।

ਹਿੰਦੁਸਥਾਨ ਸਮਾਚਾਰ / ਨਰਿੰਦਰ ਜੱਗਾ  


 
Top