क्षेत्रीय

Blog single photo

ਪੰਜਾਬ ਸਰਕਾਰ ਨੇ ਭਾਰਤ ਵਿਰੋਧੀ ਐਪ ਦਾ ਮਾਮਲਾ ਗੂਗਲ ਕੋਲ ਉਠਾਇਆ

08/11/2019


ਕੈਪਟਨ ਅਮਰਿੰਦਰ ਸਿੰਘ ਵੱਲੋਂ ਐਪ ਨੂੰ ਤੁਰੰਤ ਹਟਾਉਣ ਦੀ ਮੰਗ


ਚੰਡੀਗੜ,08 ਨਵੰਬਰ (ਹਿੰ.ਸ.)। ਗੂਗਲ ਵੱਲੋਂ ਭਾਰਤ ਵਿਰੋਧੀ ਵੱਖਵਾਦੀ ਪਹੁੰਚ ਵਾਲਾ ਐਪ ਲਾਂਚ ਕੀਤੇ ਜਾਣ 'ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਉੱਚ ਅਧਿਕਾਰੀਆਂ ਨੂੰ ਜਿਥੇ ਗੂਗਲ ਨਾਲ ਇਸ ਮਸਲੇ ਨੂੰ ਲੈ ਕੇ ਬਿਨਾਂ ਦੇਰੀ ਸੰਪਰਕ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ, ਉਥੇ ਨਾਲ ਹੀ ਕੇਂਦਰ ਸਰਕਾਰ ਨੂੰ ਕੰਪਨੀ ਨੂੰ ਤੁਰੰਤ ਇਹ ਵਿਵਾਦਿਤ ਐਪ ਹਟਾਉਣ ਲਈ ਨਿਰਦੇਸ਼ ਦੇਣ ਦੀ ਅਪੀਲ ਵੀ ਕੀਤੀ ਹੈ।
ਸੂਬਾ ਸਰਕਾਰ ਵੱਲੋਂ ਗੂਗਲ ਨਾਲ ਇਸ ਮਸਲੇ ਨੂੰ ਲੈ ਕੇ ਰਾਬਤਾ ਕਾਇਮ ਕਰਨ ਦਾ ਜ਼ਿਕਰ ਕਰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਪੰਜਾਬ ਦੇ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਮੁਖੀ ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਕੋਰੀਡੋਰ ਦੇ ਖੋਲ੍ਹੇ ਜਾਣ ਤੋਂ ਐਨ ਪਹਿਲਾਂ '2020 ਸਿੱਖ ਰੈਫੈਰੈਂਡਮ' ਐਪ ਦੇ ਲਾਂਚ ਹੋਣ ਨਾਲ ਪੈਦਾ ਹੋਏ ਖਤਰੇ ਨਾਲ ਨਿਪਟਣ ਲਈ ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ।
ਇਸ ਐਪ ਨੂੰ ਤੁਰੰਤ ਹਟਾਏ ਜਾਣ ਦੀ ਮੰਗ ਕਰਦਿਆਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਗੂਗਲ ਪਲੇਅ ਜ਼ਰੀਏ ਮੁਫਤ ਡਾਊਨਲੋਡ ਹੋਣ ਵਾਲੇ ਇਸ ਐਪ ਪਿਛੇ ਮੰਤਵ ਜ਼ਾਹਰਾ ਤੌਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਚੱਲ ਰਹੇ ਸਮਾਗਮਾਂ ਦਰਮਿਆਨ ਸਿੱਖ ਭਾਈਚਾਰੇ ਨੂੰ ਦੋਫਾੜ ਕਰਨ ਦਾ ਆਈ.ਐਸ.ਆਈ ਦਾ ਏਜੰਡਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਕ ਕੱਟੜ ਵੱਖਵਾਦੀ ਗਰੁੱਪ ਨੂੰ ਅਜਿਹਾ ਐਪ ਡਾਊਨਲੋਡ ਕਰਨ ਦੀ ਪ੍ਰਵਾਨਗੀ ਗੂਗਲ ਵੱਲੋਂ ਕਿਵੇਂ ਅਤੇ ਕਿਉ ਦਿੱਤੀ ਗਈ, ਇਹ ਸਵਾਲ ਸਭ ਤੋਂ ਪਹਿਲਾਂ ਉੱਠਦਾ ਹੈ। ਮੁੱਖ ਮੰਤਰੀ ਵੱਲੋਂ ਤਕਨੀਕੀ ਖੇਤਰ ਦੀ ਪ੍ਰਮੁੱਖ ਕੰਪਨੀ ਦੇ ਇਸ ਗੈਰ-ਜ਼ਿੰਮੇਵਾਰਾਨਾ ਰਵੱਈਏ 'ਤੇ ਹੈਰਾਨੀਕੁੰਨ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਗੂਗਲ ਅਜਿਹੇ ਕੱਟੜ ਗਰੁੱਪ ਦਾ ਸਮਰਥਨ ਕਰਨ ਵਾਲੀ ਕੰਪਨੀ ਵਾਲੀ ਛਵੀ ਤੋਂ ਬਚਣਾ ਚਾਹੁੰਦੀ ਹੈ ਤਾਂ ਇਸ ਕੰਪਨੀ ਨੂੰ ਬਿਨ੍ਹਾਂ ਪਲ ਦੀ ਦੇਰੀ ਕੀਤੇ ਇਸ ਐਪ ਨੂੰ ਪਲੇਅ ਸਟੋਰ ਤੋਂ ਹਟਾ ਦੇਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਵਾਪਰਨਾ ਪੂਰੇ ਮੁਲਕ ਲਈ ਤੇ ਖਾਸਕਰ ਪੰਜਾਬ ਲਈ ਸੁਰੱਖਿਆ ਪੱਖੋਂ ਖਤਰੇ ਦੇ ਸਰੋਕਾਰ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇਸ ਐਪ ਨੂੰ ਲਾਂਚ ਕੀਤੇ ਜਾਣ ਲਈ ਸਮੇਂ ਦੀ ਚੋਣ ਸੰਕੇਤ ਦਿੰਦੀ ਹੈ ਕਿ ਕਰਤਾਰਪੁਰ ਕੋਰੀਡੋਰ ਦੇ ਖੁੱਲ•ਣ ਦੇ ਮੌਕੇ ਨੂੰ ਆਈ.ਐਸ.ਆਈ ਭਾਰਤੀ ਸਿੱਖ ਭਾਈਚਾਰੇ ਨੂੰ ਦੋਫਾੜ ਕਰਨ ਦੇ ਆਪਣੇ ਨਾਪਾਕ ਏਜੰਡੇ ਨੂੰ ਲਾਗੂ ਕਰਨ ਲਈ ਮੌਕੇ ਦੇ ਰੂਪ ਵਿੱਚ ਵਰਤਣਾ ਚਾਹੁੰਦੀ ਹੈ।

ਹਿੰਦੂਸਥਾਨ ਸਮਾਚਾਰ/ਸੰਜੀਵ/ਕੁਸੁਮ


 
Top