क्षेत्रीय

Blog single photo

ਲਿਬਰੇਸ਼ਨ ਵਲੋਂ ਕਾਬਲ ਵਿੱਚ ਹੋਏ ਨਿਰਦੋਸ਼ ਸਿੱਖਾਂ ਦੇ ਕਤਲੇਆਮ ਦੀ ਸਖ਼ਤ ਨਿੰਦਾ, ਯੂਐਨਓ ਪੱਧਰ 'ਤੇ ਜਾਂਚ ਦੀ ਮੰਗ./

26/03/2020

 ਚੰਡੀਗੜ੍ਹ, 26 ਮਾਰਚ  ( ਹਿ ਸ ):  
               ਸੀਪੀਆਈ (ਐਮਐਲ) ਲਿਬਰੇਸ਼ਨ ਦੀ ਪੰਜਾਬ ਇਕਾਈ ਨੇ ਕਾਬੁਲ ਵਿੱਚ ਗੁਰਦੁਆਰਾ ਸਾਹਿਬ ਵਿਖੇ ਜੁੜੀ ਸਿੱਖ ਸੰਗਤ ਉਤੇ ਹੋਏ ਭਿਆਨਕ ਆਤਮਘਾਤੀ ਹਮਲੇ ਦੀ ਸਖਤ ਨਿੰਦਾ ਕਰਦਿਆਂ, ਇਸ ਹਮਲੇ ਵਿੱਚ 25 ਨਿਰਦੋਸ਼ ਅਫ਼ਗਾਨੀ ਸਿੱਖਾਂ ਦੇ ਮਾਰੇ ਅਤੇ ਕਈ ਹੋਰਨਾਂ ਦੇ ਫੱਟੜ ਹੋਣ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।  
                    ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਅਤੇ ਸੀਨੀਅਰ ਪਾਰਟੀ ਆਗੂਆਂ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਰੁਲਦੂ ਸਿੰਘ ਮਾਨਸਾ, ਰਾਜਵਿੰਦਰ ਸਿੰਘ ਰਾਣਾ, ਭਗਵੰਤ ਸਿੰਘ ਸਮਾਂਓ ਅਤੇ ਬਲਬੀਰ ਸਿੰਘ ਰੰਧਾਵਾ ਵਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਵੇਂ ਖਬਰਾਂ ਮੁਤਾਬਕ ਜਿਥੇ ਅਫ਼ਗ਼ਾਨਿਸਤਾਨ ਵਿੱਚ ਸਰਕਾਰ ਤੋਂ ਬਾਅਦ ਦੂਜੀ ਤਾਕਤਵਰ ਧਿਰ ਤਾਲੀਬਾਨ ਨੇ ਇਸ ਹਮਲੇ ਨਾਲ ਅਪਣਾ ਕੋਈ ਵਾਹ ਵਾਸਤਾ ਨਾ ਹੋਣ ਦੀ ਗੱਲ ਕਹੀ ਹੈ, ਉਥੇ ਇਸ ਹਮਲੇ ਦੀ ਜ਼ਿੰਮੇਵਾਰੀ ਆਈਐਸਆਈਐਸ ਨਾਮਕ ਇੱਕ ਹੋਰ ਇਸਲਾਮੀ ਦਹਿਸ਼ਤਗਰਦ ਗੁੱਟ ਨੇ ਲਈ ਹੈ, ਪਰ ਇਸ ਹਮਲੇ ਪਿੱਛੇ ਕਿਸੇ ਵਧੇਰੇ ਡੂੰਘੀ ਸਾਜ਼ਿਸ਼ ਦਾ ਖਦਸ਼ਾ ਮਹਿਸੂਸ ਹੋ ਰਿਹਾ ਹੈ। ਕਿਉਂਕਿ ਅਗਰ ਅਫ਼ਗ਼ਾਨਿਸਤਾਨ ਦੇ ਹਾਲਾਤ ਦਾ ਜਾਇਜ਼ਾ ਲਿਆ ਜਾਵੇ, ਤਾਂ ਕਿਸੇ ਵੀ ਪੱਧਰ ਉਤੇ ਉਥੇ ਬਹੁਤ ਹੀ ਥੋੜੀ ਗਿਣਤੀ ਵਿਚ ਵਸਦੇ ਸਿੱਖ ਭਾਈਚਾਰੇ ਦਾ ਸਥਾਨਕ ਅਫਗਾਨਾਂ ਜਾਂ ਉਥੋਂ ਦੇ ਕਿਸੇ ਦਹਿਸ਼ਤੀ ਧੜੇ ਨਾਲ ਕਦੇ ਕਿਸੇ ਵੀ ਪੱਧਰ ਦਾ ਕੋਈ ਟਕਰਾਅ ਨਜ਼ਰ ਨਹੀਂ ਆਉਂਦਾ। ਇਸ ਤੋਂ ਇਲਾਵਾ ਵੀ ਇਸ ਦੌਰ ਵਿੱਚ ਸੀਰੀਆ ਤੇ ਇਰਾਕ ਤੋਂ ਲੈ ਕੇ ਬੰਗਲਾਦੇਸ਼ ਤੱਕ ਦੁਨੀਆਂ ਵਿੱਚ ਕਿਸੇ ਵੀ ਜਗ੍ਹਾ ਸੰਕਟ ਅਤੇ ਮੁਸੀਬਤ ਵਿੱਚ ਫਸੇ ਲੋਕਾਂ ਦੀ - ਉਨ੍ਹਾਂ ਦੇ ਧਰਮ, ਨਸਲ, ਕੌਮੀਅਤ ਜਾਂ ਜਾਤ ਤੇ ਜਮਾਤ ਦਾ ਕੋਈ ਖਿਆਲ ਕੀਤੇ ਬਿਨਾਂ ਨਿਰੋਲ ਮਾਨਵੀ ਆਧਾਰ 'ਤੇ ਸੇਵਾ ਕਰਕੇ ਸਿੱਖ ਭਾਈਚਾਰੇ ਦੀਆਂ ਕਈ ਸੰਸਥਾਵਾਂ ਨੇ ਸੰਸਾਰ ਭਰ ਦੇ ਲੋਕਾਂ ਦਾ ਅਥਾਹ ਪਿਆਰ ਸਤਿਕਾਰ ਜਿੱਤਿਆ ਹੈ। ਅਜਿਹੇ ਕੌਮਾਂਤਰੀ ਮਾਹੌਲ ਵਿੱਚ ਅਫ਼ਗ਼ਾਨਿਸਤਾਨ - ਜਿਥੇ ਕੁਝ ਦਿਨ ਪਹਿਲਾਂ ਹੀ ਤਾਲੀਬਾਨ ਅਤੇ ਅਮਰੀਕਾ ਦਰਮਿਆਨ ਸ਼ਾਂਤੀ ਅਤੇ ਨਵੀਂ ਸਰਕਾਰ ਬਣਾਉਣ ਲਈ ਇਕ ਸਮਝੌਤਾ ਨੇਪਰੇ ਚਾੜ੍ਹਿਆ ਹੈ - ਵਿੱਚ ਅਚਾਨਕ ਸਿੱਖ ਭਾਈਚਾਰੇ ਦੇ ਇਸ ਵਹਿਸ਼ੀ ਕਤਲੇਆਮ ਪਿੱਛੇ ਕੋਈ ਠੋਸ ਕਾਰਨ ਸਮਝੋਂ ਬਾਹਰ ਹੈ। ਕੁਝ ਲੋਕ ਤਾਂ ਇਸ ਨੂੰ ਭਾਰਤੀ ਖੁਫੀਆ ਏਜੰਸੀਆਂ ਅਤੇ ਆਈਐਸਆਈਐਸ ਦੀ ਮਿਲੀਭੁਗਤ ਦਾ ਨਤੀਜਾ ਤੱਕ ਕਰਾਰ ਦੇ ਰਹੇ ਹਨ, ਤਾਂ ਕਿ ਸਿੱਖਾਂ ਅਤੇ ਮੁਸਲਮਾਨਾਂ ਦਰਮਿਆਨ ਵੱਧ ਰਹੀ ਸਾਂਝ ਨੂੰ ਤੋੜਨ ਦੇ ਨਾਲ-ਨਾਲ ਨਾਗਰਿਕਤਾ ਸੋਧ ਕਾਨੂੰਨ ਨੂੰ ਜਾਇਜ਼ ਅਤੇ ਇਸ ਖ਼ਿਲਾਫ਼ ਚੱਲ ਰਹੇ ਅੰਦੋਲਨ ਨੂੰ ਨਾਜਾਇਜ਼ ਸਾਬਤ ਕੀਤਾ ਜਾ ਸਕੇ। ਇਸ ਲਈ ਜ਼ਰੂਰੀ ਹੈ ਕਿ ਇਸ ਆਤਮਘਾਤੀ ਕਤਲਕਾਂਡ ਬਾਰੇ ਯੂਐਨਓ ਪੱਧਰ ਦੇ ਕਿਸੇ ਕਮਿਸ਼ਨ ਵਲੋਂ ਨਿਰਪੱਖ ਜਾਂਚ ਕਰਵਾਈ ਜਾਵੇ , ਤਾਂ ਜੋ ਸਚਾਈ ਸਾਹਮਣੇ ਲਿਆਂਦੀ ਜਾ ਸਕੇ।   
                 ਬਿਆਨ ਵਿੱਚ ਜਿਥੇ ਅਫ਼ਗ਼ਾਨ ਸਰਕਾਰ ਨੂੰ ਦੇਸ਼ ਵਿੱਚ ਸਿੱਖਾਂ ਦੀ ਜਾਨ ਮਾਲ ਦੀ ਸੁਰਖਿਆ ਨੂੰ ਹੋਰ ਵਧੇਰੇ ਕਾਰਗਰ ਬਣਾਉਣ ਅਤੇ ਪੀੜਤ ਪਰਿਵਾਰਾਂ ਨੂੰ ਹਰ ਲੋੜੀਂਦੀ ਮੱਦਦ ਦੇਣ ਲਈ ਅਪੀਲ ਕੀਤੀ ਗਈ ਹੈ, ਉਥੇ ਐਸਜੀਪੀਸੀ ਦੇ ਪ੍ਰਧਾਨ ਅਤੇ ਸ਼੍ਰੀ ਆਕਾਲ ਤਖਤ ਦੇ ਜਥੇਦਾਰ ਤੋਂ ਵੀ ਮੰਗ ਕੀਤੀ ਗਈ ਹੈ ਕਿ ਉਹ ਮਾਮਲੇ ਦੀ ਸੰਯੁਕਤ ਰਾਸ਼ਟਰ ਪੱਧਰ ਉਤੇ ਜਾਂਚ ਲਈ ਅਤੇ ਪੀੜਤ ਸਿੱਖ ਪਰਿਵਾਰਾਂ ਦੀ ਰਾਖੀ ਤੇ ਮੱਦਦ ਲਈ ਅਪਣੇ ਪ੍ਰਭਾਵ ਅਤੇ ਸੰਪਰਕਾਂ ਰਾਹੀਂ ਜ਼ੋਰਦਾਰ ਦਬਾਅ ਬਣਾਉਣ। 


ਹਿੰਦੁਸਥਾਨ ਸਮਾਚਾਰ / ਨਰਿੰਦਰ ਜੱਗਾ / ਕੁਸਮ 


 
Top