राष्ट्रीय

Blog single photo

ਕੋਵਿਡ ਨਾਲ ਨਜਿੱਠਣ ਅਤੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ 70 ਕਰੋੜ ਰੁਪਏ ਹੋਰ ਮੰਜੂਰ

28/03/2020

ਕੋਵਿਡ ਨਾਲ ਨਜਿੱਠਣ ਅਤੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ 70 ਕਰੋੜ ਰੁਪਏ ਹੋਰ ਮੰਜੂਰ 
  
ਬਠਿੰਡਾ, 28 ਮਾਰਚ ( ਹਿ ਸ )  :
ਪੰਜਾਬ ਦੇ ਵਿੱਤ ਮੰਤਰੀ  ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਥੇ ਦੱਸਿਆ ਹੈ ਕਿ ਸੂਬਾ ਸਰਕਾਰ ਨੇ ਰਾਜ ਦੇ ਜ਼ਿਲਿਆਂ ਵਿਚ ਕੋਵਿਡ 19 ਬਿਮਾਰੀ ਨਾਲ ਨਜਿੱਠਣ ਅਤੇ ਲੋਕਾਂ ਦੀ ਮਦਦ ਲਈ 70 ਕਰੋੜ ਰੁਪਏ ਦੀ ਵਾਧੂ ਸਹਾਇਤਾ ਪ੍ਰਵਾਨ ਕੀਤੀ ਹੈ। ਇਸ ਤੋਂ ਪਹਿਲਾਂ 22 ਕਰੋੜ ਰੁਪਏ ਪਹਿਲਾਂ ਹੀ ਸੂਬਾ ਸਰਕਾਰ ਰਾਜ ਦੇ ਸਾਰੇ 22 ਜ਼ਿਲਿਆਂ ਵਿਚ ਭੇਜ ਚੁੱਕੀ ਹੈ।
ਸ਼ਨੀਵਾਰ ਦੀ ਸ਼ਾਮ ਇੱਥੇ ਜ਼ਿਲੇ ਦੇ ਸੀਨਿਅਰ ਅਧਿਕਾਰੀਆਂ ਨਾਲ ਤਾਜਾ ਹਲਾਤਾਂ ਦੀ ਸਮੀਖਿਆ ਲਈ ਕੀਤੀ ਬੈਠਕ ਤੋਂ ਬਾਅਦ ਖਜਾਨਾ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਆਪਣੇ ਲੋਕਾਂ ਨੂੰ ਇਸ ਵੱਡੀ ਆਫਤ ਤੋਂ ਬਚਾਉਣ ਲਈ ਫੰਡ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਪਰ ਨਾਲ ਹੀ ਉਨਾਂ ਨੇ ਪੂਰੀ ਕੌਮ ਤੋਂ ਸਹਿਯੋਗ ਮੰਗਦਿਆਂ ਕਿਹਾ ਕਿ ਇਸ ਬਿਮਾਰੀ ਦੇ ਪਸਾਰ ਨੂੰ ਰੋਕਣ ਵਿਚ ਸਰਕਾਰ ਨਾਲੋਂ ਅਵਾਮ ਦੀ ਭੁਮਿਕਾ ਜਿਆਦਾ ਹੈ। ਇਸ ਲਈ ਉਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸਵੈ ਜਾਬਤੇ ਨਾਲ ਕਰਫਿਊ ਦਾ ਪਾਲਣ ਕਰਨ। ਉਨਾਂ ਨੇ ਕਿਹਾ ਕਿ ਇਹ ਬਿਮਾਰੀ ਆਪਸੀ ਸੰਪਰਕ ਨਾਲ ਅੱਗੇ ਫੈਲਦੀ ਹੈ ਅਤੇ ਇਸਦਾ ਪਸਾਰ ਬਹੁਤ ਤੇਜੀ ਨਾਲ ਹੁੰਦਾ ਹੈ ਇਸ ਲਈ ਸਭ ਨੂੰ ਆਪਣੀ ਸਮਾਜਿਕ ਜਿੰਮੇਵਾਰੀ ਸਮਝਦਿਆਂ ਆਪਣੇ ਘਰਾਂ ਅੰਦਰ ਹੀ ਰਹਿਣਾ ਚਾਹੀਦਾ ਹੈ।
 ਮਨਪ੍ਰੀਤ ਸਿੰਘ ਬਾਦਲ ਨੇ ਇਸ ਮੌਕੇ ਸਪੱਸਟ ਕੀਤਾ ਕਿ ਸਰਕਾਰ ਵੱਲੋਂ ਲੋਕਾਂ ਤੱਕ ਰੋਜਾਨਾਂ ਜਰੂਰਤ ਦੀਆਂ ਵਸਤਾਂ ਘਰ ਘਰ ਪੁੱਜਦੀਆਂ ਕਰਨ ਲਈ ਸਾਰਾ ਪ੍ਰਸਾਸਨ ਲਾਇਆ ਹੋਇਆ ਹੈ । ਉਨਾਂ ਨੇ ਸੂਬੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਲੋਕਾਂ ਤੱਕ ਹਰ ਮਦਦ ਘਰ ਤੱਕ ਹੀ ਪਹੁੰਚਾਈ ਜਾਵੇਗੀ।
ਖਜਾਨਾ ਮੰਤਰੀ ਨੇ ਇਸ ਮੌਕੇ ਦੱਸਿਆ ਕਿ ਜਨਤਕ ਵੰਡ ਪ੍ਰਣਾਲੀ ਰਾਹੀਂ ਜਿਲੇ ਵਿਚ ਕਣਕ ਦੀ ਵੰਡ ਦਾ ਕੰਮ ਜਲਦ ਸਬੰਧਤ ਵਿਭਾਗ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਆਟਾ ਚੱਕੀਆਂ ਨੂੰ ਰਾਤ 9 ਤੋਂ ਸਵੇਰੇ 6 ਵਜੇ ਤੱਕ ਚਲਾਉਣ ਲਈ ਲੋੜੀਂਦੇ ਹੁਕਮ ਜਾਰੀ ਕਰਨ ਲਈ ਜ਼ਿਲਾਂ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਸਪਲਾਈ ਲਾਈਨ ਵਿਚ ਆਟੇ ਦੀ ਘਾਟ ਨਾ ਆਵੇ।
ਵਿੱਤ ਮੰਤਰੀ ਨੇ ਇਸ ਮੌਕੇ ਦੱਸਿਆ ਕਿ ਬਠਿੰਡਾ ਵਿਚ ਦਵਾਈਆਂ ਦੀਆਂ ਦੁਕਾਨਾਂ ਸਵੇਰੇ 5 ਤੋਂ 7 ਵਜੇ ਤੱਕ ਖੋਲਣ ਦੀ ਆਗਿਆ ਦਿੱਤੇ ਜਾਣ ਤੋਂ ਬਾਅਦ ਹੁਣ ਦਵਾਈਆਂ ਦੀ ਸਮੱਸਿਆ ਖਤਮ ਹੋ ਗਈ ਹੈ। ਲੋਕਾਂ ਤੱਕ ਦੁੱਧ, ਫਲ ਸਬਜੀਆਂ, ਗੈਸ ਆਦਿ ਦੀ ਸਪਲਾਈ ਲੋੜ ਅਨੁਸਾਰ ਹੋ ਰਹੀ ਹੈ। ਇਸ ਮੌਕੇ ਸ: ਬਾਦਲ ਨੇ ਇਹ ਵੀ ਅਪੀਲ ਕੀਤੀ ਕਿ ਹਰੇਕ ਸਮਰੱਥ ਨਾਗਰਿਕ ਉਹ ਆਪਣੇ ਕਰਮਚਾਰੀਆਂ, ਲੋੜਵੰਦ ਆਂਢੀਆਂ ਗੁਆਂਢੀਆਂ ਦੀ ਖੁਰਾਕ ਵਿਚ ਮਦਦ ਕਰੇ ਤਾਂ ਜੋ ਅਸੀਂ ਪੰਜਾਬੀ ਆਪਣੀ ਰਵਾਇਤ ਅਨੁਸਾਰ ਆਪਣੇ ਲੋੜਵੰਦ ਭਰਾਵਾਂ ਦੀ ਮਦਦ ਕਰ ਸਕੀਏ।  
ਇਸ ਮੌਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ, ਐਸਐਸਪੀ ਡਾ: ਨਾਨਕ ਸਿੰਘ, ਕਮਿਸ਼ਨਰ ਨਗਰ ਨਿਗਮ ਸ: ਬਿਕਰਮਜੀਤ ਸਿੰਘ ਸ਼ੇਰਗਿੱਲ, ਐਸ.ਡੀ.ਐਮ. ਅਮਰਿੰਦਰ ਸਿੰਘ ਟਿਵਾਣਾ, ਸ: ਜੈਜੀਤ ਸਿੰਘ ਜੌਹਲ, ਕੇਕੇ ਅਗਰਵਾਲ ਚੇਅਰਮੈਨ ਨਗਰ ਸੁਧਾਰ ਟਰੱਸਟ, ਜਗਰੂਪ ਸਿੰਘ ਗਿੱਲ, ਅਸੋਕ ਪ੍ਰਧਾਨ, ਅਰੁਣ ਵਧਾਵਨ, ਪਵਨ ਮਾਨੀ, ਰਾਜਨ ਗਰਗ, ਬਲਜਿੰਦਰ ਠੇਕੇਦਾਰ, ਅਨਿਲ ਭੋਲਾ, ਅਵਤਾਰ ਸਿੰਘ, ਟਹਿਲ ਸਿੰਘ ਸੰਧੂ ਵੀ ਹਾਜਰ ਸਨ।

ਹਿੰਦੁਸਥਾਨ ਸਮਾਚਾਰ / ਪੀ ਐੱਸ ਮਿੱਠਾ  /ਨਰਿੰਦਰ ਜੱਗਾ 


 
Top