क्षेत्रीय

Blog single photo

ਮਜਦੂਰਾਂ ਦੀ ਕਮੀ ਦੇ ਮੱਦੇਨਜ਼ਰ ਝੋਨੇ ਦੀ ਸਿੱਧੀ ਬਿਜਾਈ ਦਾ ਮਾਹਿਰਾਂ ਵੱਲੋ ਸੁਝਾਅ

06/05/2020

-ਕਿਸਾਨਾਂ ਨੂੰ ਖੁਦ ਕਰਨੀ ਪੈ ਸਕਦੀ ਹੈ ਮਜਦੂਰੀ
ਹੁਸ਼ਿਆਰਪੁਰ, 6 ਮਈ ( ਹਿ ਸ )   :
 ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੇਬਰ ਦੀ ਕਮੀ ਦੇ ਚੱਲਦਿਆਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਦੀ ਸਿਫਾਰਿਸ਼ ਕਰਦਿਆਂ ਯੂਨੀਵਰਸਿਟੀ ਦੇ ਫ਼ਸਲ ਵਿਗਿਆਨੀ  ਡਾ. ਮੱਖਣ ਸਿੰਘ ਭੁੱਲਰ ਅਤੇ ਡਾ. ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਕੀਤੀ ਜਾਵੇ ਅਤੇ ਰੇਤਲੀ ਜ਼ਮੀਨ ਵਿੱਚ ਇਸ ਤਕਨੀਕ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸਿੱਧੀ ਬਿਜਾਈ ਲਈ ਪਹਿਲਾਂ ਖੇਤ ਨੂੰ ਲੇਜ਼ਰ ਲੈਵਲਰ ਕਰਾਹੇ ਨਾਲ ਪੱਧਰਾ ਕਰਕੇ ਰੌਣੀ ਕਰ ਦੇਣੀ ਚਾਹੀਦੀ ਹੈ। ਵੱਤਰ ਆਉਣ 'ਤੇ ਦੋ ਵਾਰ ਵਾਹ ਕੇ ਸੁਹਾਗਾ ਮਾਰ ਕੇ ਤੁਰੰਤ ਸਿੱਧੀ ਬਿਜਾਈ ਕਰ ਦੇਣੀ ਚਾਹੀਦੀ ਹੈ।
ਇਸ ਤਰੀਕੇ ਨਾਲ ਬਿਜਾਈ ਲਈ ਕਿਸਮਾਂ ਦੀ ਚੋਣ ਬਾਰੇ ਪੀ.ਏ.ਯੂ ਮਾਹਿਰ ਦੱਸਦੇ ਹਨ ਕਿ ਘੱਟ ਅਤੇ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਝੋਨੇ ਦੀਆਂ ਪਰਮਲ ਕਿਸਮਾਂ ਜਿਵੇਂ ਪੀ.ਆਰ 126, ਪੀ.ਆਰ 114, ਪੀ.ਆਰ.121, ਪੀ ਆਰ 122, ਪੀ ਆਰ 127 ਦੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ ਅਤੇ ਬਾਸਮਤੀ ਕਿਸਮਾਂ ਜਿਵੇ ਪੂਸਾ ਬਾਸਮਤੀ 1121,ਪੂਸਾ ਬਾਸਮਤੀ 1509,  ਪੂਸਾ ਬਾਸਮਤੀ 1718 ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਵਿੱਚ ਕਰਨੀ ਸਹੀ ਰਹੇਗੀ।
ਮਾਹਿਰਾਂ ਅਨੁਸਾਰ ਸਿੱਧੀ ਬਿਜਾਈ ਲਈ ਪ੍ਰਤੀ ਏਕੜ 8 ਕਿੱਲੋ ਬੀਜ (ਵੱਧ ਤੋਂ ਵੱਧ 10 ਕਿਲੋ) ਕਾਫੀ ਹੈ। ਇਸ ਤੋਂ ਜ਼ਿਆਦਾ ਮਾਤਰਾ ਵਿੱਚ ਬੀਜ ਦੀ ਵਰਤੋਂ ਕਰਨ ਨਾਲ ਫ਼ਸਲ ਸੰਘਣੀ ਹੋਣ ਕਰਕੇ ਤਣੇ ਦਾ ਗਾਲਾ ਆਦਿ ਬਿਮਾਰੀਆਂ ਦੀ ਸੰਭਾਵਨਾ ਵੱਧ ਜਾਂਦੀ ਹੈ ਅਤੇ ਦਾਣਿਆਂ ਦੀ ਫੋਕ ਵੀ ਵੱਧਦੀ ਹੈ। ਬਿਜਾਈ ਤੋਂ ਪਹਿਲਾਂ ਬੀਜ ਨੂੰ 8 ਘੰਟੇ (ਵੱਧ ਤੋਂ ਵੱਧ 12 ਘੰਟੇ) ਪਾਣੀ ਵਿੱਚ ਭਿਉਂ ਕੇ ਬਾਅਦ ਵਿੱਚ ਛਾਵੇਂ ਸੁੱਕਾ ਕੇ ਦਵਾਈ ਨਾਲ ਸੋਧ ਕਰ ਲੈਣੀ ਚਾਹੀਦੀ ਹੈ।
ਬਿਜਾਈ ਲਈ 'ਲੱਕੀ ਸੀਡ ਡਰਿੱਲ' ਦੀ ਵਰਤੋਂ ਨੂੰ ਤਰਜੀਹ ਦੇਣੀ ਚਾਹੀਦੀ ਹੈ, ਜੋ ਝੋਨੇ ਦੀ ਬਿਜਾਈ ਅਤੇ ਨਦੀਨ ਨਾਸ਼ਕ ਦਾ ਛਿੜਕਾਅ ਨਾਲ-ਨਾਲ ਕਰਦੀ ਹੈ। ਇਸ ਤੋਂ ਇਲਾਵਾ ਟੇਢੀਆਂ ਪਲੇਟਾਂ ਵਾਲੀ ਝੋਨਾ ਬੀਜਣ ਵਾਲੀ ਡਰਿੱਲ ਨਾਲ ਵੀ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਤੁਰੰਤ ਬਾਅਦ ਨਦੀਨ ਨਾਸ਼ਕ ਦਾ ਛਿੜਕਾਅ ਕਰ ਦੇਣਾ ਚਾਹੀਦਾ ਹੈ। ਜੇਕਰ ਇਹ ਮਸ਼ੀਨਾਂ ਨਾ ਮਿਲਣ ਤਾਂ ਮਾਹਿਰਾਂ ਅਨੁਸਾਰ ਹਾਲਾਤ ਦੇ ਮੱਦੇਨਜ਼ਰ ਜ਼ੀਰੋ ਟਿੱਲ ਡਰਿੱਲ ਜਾਂ ਹੈਪੀ ਸੀਡਰ ਦੇ ਖਾਦ ਵਾਲੇ ਬਕਸੇ ਦੇ ਪਸਤੌਲ ਦੀਆਂ  ਝਿਰੀਆਂ ਬੰਦ ਕਰਕੇ ਜਾਂ ਬਕਸੇ ਦੀ ਗਰਾਰੀ ਨੂੰ ਦੁੱਗਣੇ ਦੰਦਿਆਂ ਵਾਲੀ ਗਰਾਰੀ ਨਾਲ ਬਦਲ ਕੇ ਅਤੇ ਖਾਦ ਵਾਲੇ ਲੀਵਰ ਨੂੰ ਇਸ ਤਰ•ਾਂ ਸੈਟ ਕੀਤਾ ਜਾ ਸਕਦਾ ਹੈ ਕਿ ਇਕ ਮੀਟਰ ਲੰਬਾਈ ਵਿੱਚ 16-20 ਦਾਣੇ ਡਿੱਗਣ।
ਮਾਹਿਰਾਂ ਨੇ ਕਿਸਾਨਾਂ ਨੂੰ ਪਹਿਲਾਂ ਪਾਣੀ ਬਿਜਾਈ ਤੋਂ 21 ਦਿਨ ਬਾਅਦ ਲਾਉਣ ਦੀ ਸਲਾਹ ਦਿੱਤੀ। 
ਹਿੰਦੁਸਥਾਨ ਸਮਾਚਾਰ / ਕੇ ਕੋਹਲੀ / ਨਰਿੰਦਰ ਜੱਗਾ


 
Top