क्षेत्रीय

Blog single photo

ਕੇਂਦਰੀ ਫੰਡ ਦੀ ਦੋ ਸਾਲ ਤੋਂ ਰੁਕੀ ਰਾਸ਼ੀ ਲੈਣ ਲਈ ਆਂਗਣਵਾੜੀਆਂ ਨੇ ਪ੍ਰਮੁੱਖ ਸਕੱਤਰ ਨਾਲ ਮੀਟਿੰਗ ਕੀਤੀ

30/07/2020

ਚੰਡੀਗੜ੍ਹ , 30 ਜੁਲਾਈ ( ਹਿ ਸ ):    ਸੂਬੇ ਭਰ ਦੀਆਂ ਲਗਭਗ 54 ਹਜਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਵੱਖ-ਵੱਖ ਯੂਨੀਅਨਾਂ ਦੀਆਂ ਆਗੂਆਂ ਨੇ ਅੱਜ ਇੱਕ ਮੀਟਿੰਗ ਵੀਡੀਓ ਐਪ ਰਾਹੀਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਪ੍ਰਮੁੱਖ ਸਕੱਤਰ ਮੈਡਮ ਰਾਜੀ ਸ੍ਰੀ ਵਾਸਤਵਾ ਨਾਲ ਕੀਤੀ । ਇਸ ਮੌਕੇ ਵਿਭਾਗ ਦੇ ਡਾਇਰੈਕਟਰ ਦੀਪਵ ਲਾਕਰਾ ਤੇ ਡਿਪਟੀ ਡਾਇਰੈਕਟਰ ਰੁਪਿੰਦਰ ਕੌਰ ਵੀ ਮੌਜੂਦ ਸਨ । ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ  ਯੂਨੀਅਨ ਦੀ ਮੰਗ ਹੈ ਕਿ ਵਰਕਰਾਂ ਤੇ ਹੈਲਪਰਾਂ ਨੂੰ ਪੰਜਾਬ ਸਰਕਾਰ ਅਕਤੂਬਰ 2018 ਤੋਂ  ਕੱਟੇ ਹੋਏ ਪੈਸੇ ਤਰੁੰਤ ਦੇਵੇ , ਪਿਛਲੇ ਦੋ ਸਾਲਾਂ ਤੋਂ ਰੋਕੇ ਹੋਏ ਪੋਸਣ ਅਭਿਆਨ  ਦੇ ਪੈਸੇ ਅਤੇ ਪ੍ਰਧਾਨ ਮੰਤਰੀ ਮਾਤਰਤਵ ਯੋਜਨਾ ਦੇ ਪੈਸੇ ਰਲੀਜ ਕੀਤੇ ਜਾਣ । ਵਰਕਰਾਂ ਤੇ ਹੈਲਪਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ । ਲਗਭਗ 200 ਕਰੈੱਚ ਵਰਕਰਾਂ ਨੂੰ ਦੋ ਸਾਲ ਤੋਂ ਤਨਖਾਹਾਂ ਨਹੀਂ ਮਿਲੀਆਂ । ਐਨ ਜੀ ਓ ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇ 8 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ । ਸਰਕਲ ਮੀਟਿੰਗਾਂ ਕਰਨ ਲਈ ਟੀ ਏ ਡੀ ਏ ਦੇ ਪੈਸੇ ਵਧਾਏ ਜਾਣ । ਬਾਲਣ ਦੇ ਪੈਸੇ 40, ਪੈਸਿਆਂ ਤੋਂ ਵਧਾ ਕੇ ਇੱਕ ਰੁਪਈਆ ਕੀਤਾ ਜਾਵੇ । ਵਰਕਰਾਂ ਤੇ ਹੈਲਪਰਾਂ ਦਾ ਪੰਜ ਲੱਖ ਰੁਪਏ ਦਾ ਸਿਹਤ ਬੀਮਾ ਕੀਤਾ ਜਾਵੇ । ਮੀਟਿੰਗ ਦੌਰਾਨ ਪ੍ਰਮੁੱਖ ਸਕੱਤਰ  ਰਾਜੀ ਸ੍ਰੀ ਵਾਸਤਵਾ ਨੇ ਭਰੋਸਾ ਦਿਵਾਇਆ ਕਿ ਕੱਟੇ ਹੋਏ ਪੈਸੇ ਜਲਦੀ ਮਿਲ ਜਾਣਗੇ ਤੇ ਫਾਈਲ ਵਿੱਤ ਵਿਭਾਗ ਦੇ ਕੋਲ ਪਈ ਹੈ । ਖਾਲੀ ਪਈਆਂ ਵਰਕਰਾਂ ਤੇ ਹੈਲਪਰਾਂ ਦੀਆਂ ਅਸਾਮੀਆਂ ਜਲਦੀ ਭਰ ਦਿਤੀਆਂ ਜਾਣਗੀਆਂ । ਕਰੈੱਚ ਵਰਕਰਾਂ ਦੀ ਤਨਖਾਹ ਲਈ ਕੇਂਦਰ ਸਰਕਾਰ ਨੇ ਮਨਜੂਰੀ ਦੇ ਦਿੱਤੀ ਹੈ ਤੇ ਐਨ ਜੀ ਓ ਵਾਲੀਆਂ ਵਰਕਰਾਂ ਤੇ ਹੈਲਪਰਾਂ ਦੇ ਬਿੱਲ ਲੱਗ ਗਏ ਹਨ । ਤਨਖਾਹਾਂ ਛੇਤੀ ਮਿਲ ਜਾਣਗੀਆਂ ।  ਪ੍ਰਧਾਨ ਮੰਤਰੀ ਮਾਤਰਤਵ ਯੋਜਨਾ ਦੇ ਪੈਸੇ ਆ ਗਏ ਹਨ ਤੇ ਛੇਤੀ ਮਿਲ ਜਾਣਗੇ । ਟੀ ਏ ਡੀ ਏ ਅਤੇ ਬਾਲਣ ਦੇ ਪੈਸਿਆਂ ਬਾਰੇ ਪੰਜਾਬ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ । ਜਦੋਂ ਕਿ 50 ਲੱਖ ਰੁਪਏ ਦੇ ਬੀਮੇ ਬਾਰੇ ਕੇਂਦਰ ਸਰਕਾਰ ਨੂੰ ਲਿਖ ਕੇ ਭੇਜਿਆ ਜਾਵੇਗਾ ।


ਹਿੰਦੁਸਥਾਨ ਸਮਾਚਾਰ / ਨਰਿੰਦਰ ਜੱਗਾ / ਕੁਸਮ


 
Top