क्षेत्रीय

Blog single photo

ਪੰਜਾਬ 'ਚ ਚਿੱਪ ਵਾਲੇ ਸਮਾਰਟ ਰਾਸ਼ਨ ਕਾਰਡ ਦੀ ਸ਼ੁਰੂਆਤ , ਮੁੱਖ ਮੰਤਰੀ , ਮੰਤਰੀਆਂ ਨੇ ਵੰਡੇ ਕਾਰਡ....

12/09/2020

- 37 ਲੱਖ ਪਰਿਵਾਰਾਂ ਨੂੰ ਮਿਲਣਗੇ ਰਾਸ਼ਨ ਕਾਰਡ  

ਹੁਸ਼ਿਆਰਪੁਰ, 12 ਸਤੰਬਰ( ਹਿ ਸ )  :
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਵਿੱਚ ਸਮਾਰਟ ਰਾਸ਼ਨ ਕਾਰਡ ਲਾਂਚ ਕਰਨ ਉਪਰੰਤ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਇਥੇ 10 ਲਾਭਪਾਤਰੀਆਂ ਨੂੰ ਖੁਦ ਸਮਾਰਟ ਰਾਸ਼ਨ ਕਾਰਡ ਸੌਂਪਦਿਆਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਇਸ ਸਕੀਮ ਦੀ ਸ਼ੁਰੂਆਤ ਕੀਤੀ।
ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਰੱਖੇ ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ਤੋਂ ਆਏ ਲਾਭਪਾਤਰੀਆਂ ਨੂੰ ਸਮਾਰਟ ਰਾਸ਼ਨ ਕਾਰਡ ਸੌਂਪਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤਾ ਇਕ ਹੋਰ ਅਹਿਮ ਵਾਅਦਾ ਪੂਰਾ ਕਰ ਦਿੱਤਾ ਹੈ ਜੋ ਕਿ ਯੋਗ ਲਾਭਪਾਤਰੀਆਂ ਨੂੰ ਕਣਕ ਦੀ ਵੰਡ ਕਰਨ ਲਈ ਇਕ ਕ੍ਰਾਂਤੀਕਾਰੀ ਕਦਮ ਹੈ। ਉਨ੍ਹਾਂ ਦੱਸਿਆ ਕਿ ਸਮਾਰਟ ਰਾਸ਼ਨ ਕਾਰਡ ਕਣਕ ਦੀ ਵੰਡ ਦੇ ਸਿਸਟਮ ਵਿੱਚ ਪੂਰਨ ਤੌਰ ’ਤੇ ਪਾਰਦਰਸ਼ਤਾ ਲਿਆਵੇਗੀ ਅਤੇ ਹੁਣ ਇਨ੍ਹਾਂ ਕਾਰਡਾਂ ਰਾਹੀਂ ਲਾਭਪਾਤਰੀ ਰਾਜ ਦੇ ਕਿਸੇ ਵੀ ਮਨਜੂਰਸ਼ੁਦਾ ਡਿਪੂ ਤੋਂ ਆਪਣੀ ਬਣਦੀ ਕਣਕ ਪ੍ਰਾਪਤ ਕਰ ਸਕੇਗਾ।
ਉਦਯੋਗ ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 1,97,771 ਸਮਾਰਟ ਰਾਸ਼ਨ ਕਾਰਡ ਲਾਭਪਾਤਰੀਆਂ ਨੂੰ ਸੌਂਪੇ ਜਾਣਗੇ ਜਿਸ ਦੇ ਘੇਰੇ ਵਿੱਚ ਇਨ੍ਹਾਂ ਪਰਿਵਾਰਾਂ ਦੇ ਕੁੱਲ 7,49,298 ਮੈਂਬਰਾਂ ਨੂੰ ਲਾਭ ਪਹੁੰਚਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 35 ਹਜ਼ਾਰ ਤੋਂ ਵੱਧ ਸਮਾਰਟ ਰਾਸ਼ਨ ਕਾਰਡ ਪ੍ਰਾਪਤ ਕੀਤੇ ਜਾ ਚੁੱਕੇ ਹਨ ਅਤੇ ਰਹਿੰਦੇ ਕਾਰਡ ਵੀ ਜਲਦ ਹੀ ਪ੍ਰਾਪਤ ਕਰਕੇ ਯੋਗ ਲਾਭਪਾਤਰੀਆਂ ਵਿੱਚ ਵੰਡ ਦਿੱਤੇ ਜਾਣਗੇ।
ਸਮਾਰਟ ਰਾਸ਼ਨ ਕਾਰਡਾਂ ਬਾਰੇ ਜਾਣਕਾਰੀ ਦਿੰਦਿਆਂ ਮੰਤਰੀ  ਨੇ ਦੱਸਿਆ ਕਿ ਇਨ੍ਹਾਂ ਕਾਰਡਾਂ ਵਿੱਚ ਵਿਸ਼ੇਸ਼ ਕਿਸਮ ਦੀ ਚਿਪ ਲੱਗੀ ਹੋਈ ਹੈ ਜੋ ਕਿ ਡਿਪੂ ਹੋਲਡਰਾਂ ਕੋਲ ਮੌਜੂਦ ਈਪੋਸ ਮਸ਼ੀਨਾਂ ਨਾਲ ਲਿੰਕ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਲਾਭਪਾਤਰੀ ਨੂੰ ਕਣਕ ਲੈਣ ਲਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਇਸ ਕਾਰਡ ਦੀ ਵਰਤੋਂ ਰਾਹੀਂ ਯੋਗ ਲਾਭਪਾਤਰੀ ਜਾਂ ਉਸ ਦੇ ਪਰਿਵਾਰ ਦਾ ਮੈਂਬਰ, ਜਿਸ ਦਾ ਵੇਰਵਾ ਕਾਰਡ ਵਿੱਚ ਦਰਜ ਹੋਵੇਗਾ, ਪੰਜਾਬ ਵਿੱਚ ਕਿਸੇ ਵੀ ਥਾਂ ਤੋਂ ਆਪਣੀ ਬਣਦੀ ਕਣਕ ਪ੍ਰਾਪਤ ਕਰ ਸਕੇਗਾ। ਉਨ੍ਹਾਂ ਦੱਸਿਆ ਕਿ ਇਹ ਸਮਾਰਟ ਕਾਰਡ ਸਿਰਫ ਪ੍ਰਮਾਣਿਤ ਈਪੋਸ ਮਸ਼ੀਨਾਂ ’ਤੇ ਹੀ ਵਰਤੋਂਯੋਗ ਹੋਵੇਗਾ।
ਇਸ ਮੌਕੇ ਉਦਯੋਗ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਰ ਯੋਗ ਲਾਭਪਾਤਰੀ ਦਾ ਕਾਰਡ ਬਣਾਇਆ ਹੈ ਤਾਂ ਜੋ ਸਰਕਾਰ ਵਲੋਂ ਸਸਤੇ ਭਾਅ ’ਤੇ ਦਿੱਤੀ ਜਾਣ ਵਾਲੀ ਕਣਕ ਯੋਗ ਲੋਕਾਂ ਨੂੰ ਆਸਾਨ ਢੰਗ ਨਾਲ ਮਿਲ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਇਸ ਸਕੀਮ ਦਾ ਲਾਭ 37 ਲੱਖ ਪਰਿਵਾਰਾਂ ਦੇ 1.41 ਕਰੋੜ ਮੈਂਬਰਾਂ ਨੂੰ ਪਹੁੰਚੇਗਾ ਅਤੇ ਸਮਾਰਟ ਕਾਰਡ ਦੀ ਸ਼ੁਰੂਆਤ ਨਾਲ ਲਾਭਪਾਤਰੀ ਨੂੰ ਕਾਰਡ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦਾ ਦਸਤਾਵੇਜ ਡਿਪੂ ’ਤੇ ਲੈ ਕੇ ਜਾਣ ਦੀ ਲੋੜ ਨਹੀਂ ਪਵੇਗੀ।
ਇਸ ਮੌਕੇ ਚੱਬੇਵਾਲ ਤੋਂ ਵਿਧਾਇਕ ਡਾ.ਰਾਜ ਕੁਮਾਰ ,  ਹਲਕਾ ਸ਼ਾਮਚੁਰਾਸੀ ਤੋਂ ਵਿਧਾਇਕ ਪਵਨ ਕੁਮਾਰ ਆਦੀਆ, ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਿਤ ਕੁਮਾਰ ਪੰਚਾਲ ਆਦਿ ਵੀ ਮੌਜੂਦ ਸਨ।ਹਿੰਦੁਸਥਾਨ  ਸਮਾਚਾਰ / ਨਰਿੰਦਰ ਜੱਗਾ  / ਕੁਸਮ


 
Top