क्षेत्रीय

Blog single photo

ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਹੋਵੇਗਾ ਹੰਗਾਮੇ -ਭਰਪੂਰ।

24/02/2020

ਚੰਡੀਗੜ੍ਹ , 24 ਫਰਵਰੀ ( ਹਿ ਸ ): ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਅੱਜ ਦੂਜਾ ਦਿਨ ਹੈ ਅਤੇ ਅੱਜ ਇਸਦੇ ਹੰਗਾਮੇ ਭਰਪੂਰ ਹੋਣ ਦੀ ਉਮੀਦ ਹੈ।  ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਦੇ ਕਰਤਾਰਪੁਰ ਸਾਹਿਬ ਨੂੰ ਲੈ ਕੇ ਦਿੱਤੇ ਬਿਆਨ ਨੂੰ ਲੈ ਕੇ ਪਿਛਲੇ ਦੋ ਦਿਨਾਂ ਤੋਂ ਸਿਆਸਤ ਭਖੀ ਹੋਈ ਹੈ। ਇਸਤੋਂ ਇਲਾਵਾ ਪੰਜਾਬ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਵਿਰੁੱਧ ਮੁਹਿੰਮ ਚਲਾ ਰਹੇ ਪੰਜਾਬ ਪੁਲਿਸ ਦੇ ਇਕ ਮੁਅੱਤਲ ਡੀ ਐਸ ਪੀ ਵੱਲੋ ਲਾਏ ਦੋਸ਼ਾਂ ਨੂੰ ਲੈ ਕੇ ਵੀ ਸਦਨ ਵਿਚ ਸ਼ੋਰ ਮੱਚ ਸਕਦਾ ਹੈ।  ਦੁਪਹਿਰ ਦੋ ਵਜੇ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਵਿਚ ਪ੍ਰਸ਼ਨ ਕਾਲ ਅਤੇ ਜ਼ੀਰੋ ਕਾਲ ਤੋਂ ਇਲਾਵਾ ਰਾਜਪਾਲ ਦੇ ਭਾਸ਼ਣ 'ਤੇ ਚਰਚਾ ਅਤੇ ਧੰਨਵਾਦ ਮਤਾ ਹੋਵੇਗਾ। ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਵੱਲੋ ਭਾਈ ਕਨ੍ਹਈਆ ਸਿਹਤ ਬਿਨਾ ਯੋਜਨਾ ਬਾਰੇ , ਵਿਧਾਇਕ ਰੁਪਿੰਦਰ ਕੌਰ ਰੂਬੀ ਵੱਲੋ ਅਨਾਧਿਕ੍ਰਿਤ ਸਕੂਲ ਵਾਹਨਾਂ ਬਾਰੇ ਅਤੇ ਵਿਧਾਇਕ ਅਮਨ ਅਰੋੜਾ ਵੱਲੋ ਸੂਬੇ ਵਿਚ ਲਾਊਡ ਸਪੀਕਰਾਂ ਰਾਹੀਂ ਫੈਲਾਏ ਜਾ ਰਹੇ ਅਵਾਜ ਪ੍ਰਦੂਸ਼ਣ ਬਾਰੇ ਧਿਆਨ ਦਿਵਾਉ ਮਤੇ ਪੇਸ਼ ਕੀਤੇ ਜਾਣਗੇ।  ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਵਿਧਾਇਕ ਡਾ ਰਾਜ ਕੁਮਾਰ ਚੱਬੇਵਾਲ ਵੱਲੋ ਰਾਜਪਾਲ ਦੇ ਭਾਸ਼ਣ 'ਤੇ ਬਹਸ ਅਤੇ ਧੰਨਵਾਦ ਮਤਾ ਪੇਸ਼ ਕੀਤਾ ਜਾਵੇਗਾ। ਅਕਾਲੀ ਦਲ ਵੱਲੋ ਪਹਿਲਾਂ ਵਾਂਗ ਅੱਜ ਵੀ ਕਿਸੇ ਮੁੱਦੇ ਨੂੰ ਲੈ ਕੇ ਵਿਧਾਨ ਸਭਾ ਦੇ ਬਾਹਰ ਕੋਈ ਦਿਲਚਸਪ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ। 

ਹਿੰਦੁਸਥਾਨ ਸਮਾਚਾਰ / ਨਰਿੰਦਰ ਜੱਗਾ  


 
Top