
ਤਰਨਤਾਰਨ, 31 ਅਕਤੂਬਰ (ਹਿੰ. ਸ.)। ਜ਼ਿਲ੍ਹਾ ਤਰਨ ਤਾਰਨ ਦੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਸ਼ੁੱਕਰਵਾਰ ਨੂੰ ਦਫ਼ਤਰ ਸਿਵਲ ਸਰਜਨ ਵਿਖੇ ਟੀਕਾਕਰਨ ਪ੍ਰੋਗਰਾਮ ਸਮੀਖਿਆ ਸਬੰਧੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਬਲਾਕਾਂ ਤੋਂ ਮਲਟੀਪਰਪਜ਼ ਹੈਲਥ ਸੁਪਰਵਾਈਜਰਾਂ (ਫੀਮੇਲ) ਅਤੇ ਬੀ.ਐਸ.ਏਜ਼ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰ ਪਾਲ ਕੌਰ ਅਤੇ ਵਿਸ਼ਵ ਸਿਹਤ ਸੰਸਥਾ ਤੋਂ ਡਾ. ਇਸ਼ਿਤਾ ਵੀ ਮੌਜੂਦ ਰਹੇ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਮੀਟਿੰਗ ਦਾ ਮੁੱਖ ਮੰਤਵ ਵੱਖ-ਵੱਖ ਬਲਾਕਾਂ ਦੇ ਵਿੱਚ ਚੱਲ ਰਹੇ ਟੀਕਾਕਰਨ ਪ੍ਰੋਗਰਾਮ ਦੀ ਸਮੀਖਿਆ ਕਰਨਾ ਹੈ ਤਾਂ ਜੋ ਜ਼ਿਲ੍ਹੇ ਦੇ ਵਿੱਚ ਟੀਕਾਕਰਨ ਸਬੰਧੀ 100 ਫ਼ੀਸਦੀ ਟੀਚਿਆਂ ਨੂੰ ਪ੍ਰਾਪਤ ਕੀਤਾ ਜਾ ਸਕੇ।ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਬੀਐਸਏਜ ਨੂੰ ਹਦਾਇਤ ਕਰਦਿਆਂ ਕਿਹਾ ਹੈ ਕਿ ਟੀਕਾਕਰਨ ਸਬੰਧੀ ਹੋਣ ਵਾਲੀ ਰਿਪੋਰਟਿੰਗ ਨੂੰ ਵੀ ਸਮੇਂ ਸਿਰ ਪੋਰਟਲ ਤੇ ਬਿਨਾਂ ਕਿਸੇ ਦੇਰੀ ਤੋਂ ਯਕੀਨ ਹੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਬਲਾਕਾਂ ਦੇ ਵਿੱਚ ਲੱਗਣ ਵਾਲੇ ਵੱਖ-ਵੱਖ ਟੀਕਿਆਂ ਦੀ ਵਿਸ਼ੇਸ਼ ਤੌਰ `ਤੇ ਸਮੀਖਿਆ ਕੀਤੀ ਗਈ ਅਤੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਆਪਣੇ ਬਲਾਕਾਂ ਦੇ ਵਿੱਚ ਟੀਕਾਕਰਨ ਪ੍ਰੋਗਰਾਮ ਦਾ ਨਿਰੀਖਣ ਸਮੇਂ-ਸਮੇਂ ਸਿਰ ਕਰਦੇ ਰਹਿਣ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰ ਪਾਲ ਕੌਰ ਨੇ ਕਿਹਾ ਕਿ ਮਾਸ ਮੀਡੀਆ ਵਿੰਗ ਅਤੇ ਵੱਖ-ਵੱਖ ਬਲਾਕਾਂ ਵਿੱਚ ਤੈਨਾਤ ਬਲਾਕ ਐਜੂਕੇਟਰਜ਼ ਟੀਕਾਕਰਨ ਪ੍ਰੋਗਰਾਮ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਤਾਂ ਜੋ ਇਸ ਦਾ ਲਾਭ ਹਰ ਇੱਕ ਯੋਗ ਲਾਭਪਾਤਰੀ ਤੱਕ ਪਹੁੰਚ ਸਕੇ। ਉਹਨਾਂ ਕਿਹਾ ਕਿ ਮੀਟਿੰਗ ਦੌਰਾਨ ਕੀਤੇ ਗਏ ਵਿਚਾਰ ਵਟਾਂਦਰਿਆਂ ਰਾਹੀਂ ਜ਼ਿਲ੍ਹੇ ਦਾ ਟੀਕਾਕਰਨ ਪ੍ਰੋਗਰਾਮ ਹੋਰ ਬਿਹਤਰ ਹੋਵੇਗਾ। ਵਿਸ਼ਵ ਸਿਹਤ ਸੰਸਥਾ ਤੋਂ ਪਹੁੰਚੇ ਡਾਕਟਰ ਇਸ਼ਿਤਾ ਨੇ ਕਿਹਾ ਕਿ ਯੋਗ ਲਾਭਪਾਤਰੀ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦੇ ਚੰਗੇ ਸਰੀਰਕ ਅਤੇ ਮਾਨਸਿਕ ਵਿਕਾਸ ਦੇ ਲਈ ਟੀਕਾਕਰਨ ਪ੍ਰੋਗਰਾਮ ਦਾ ਸੁਚੱਜੇ ਢੰਗ ਨਾਲ ਬਲਾਕਾਂ ਦੇ ਵਿੱਚ ਚਲਾਉਣਾ ਬਹੁਤ ਹੀ ਅਹਿਮ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ