
ਧੂਰੀ, 1 ਨਵੰਬਰ (ਹਿੰ.ਸ.)। ਸੰਗਰੂਰ ਜ਼ਿਲ੍ਹੇ ਦੀ ਸਬ-ਡਵੀਜ਼ਨ ਧੂਰੀ ’ਚ ਪੈਂਦਾ ਪਿੰਡ ਜਾਤੀਮਾਜਰਾ ਬੁਨਿਆਦੀ ਸਹੂਲਤਾਂ ਦੇ ਨਾਲ-ਨਾਲ ਹੁਣ ਨਵੀਨਤਮ ਤਕਨੀਕਾਂ ਦੀ ਨਾਲ ਲੈਸ ਹੋ ਗਿਆ ਹੈ। ਪਿੰਡ ਵਿੱਚ ਲੱਗੇ 23 ਕੈਮਰੇ ਜਿਥੇ ਪਿੰਡ ਨੂੰ ਸੁਰੱਖਿਅਤ ਬਣਾਉਣ ਵਿੱਚ ਸਹਾਈ ਹੋ ਰਹੇ ਹਨ, ਉਥੇ ਹੀ ਪਿੰਡ ਵਿੱਚ ਲੱਗੀਆਂ 135 ਐਲ.ਈ.ਡੀ. ਲਾਈਟਾਂ ਤੇ 30 ਸੋਲਰ ਲਾਈਟਾਂ ਰਾਤ ਸਮੇਂ ਪਿੰਡ ਨੂੰ ਰੌਸ਼ਨਾ ਰਹੀਆਂ ਹਨ। ਪਿੰਡ ਦੇ ਨੌਜਵਾਨ ਸਰਪੰਚ ਅਮਨਦੀਪ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡ ਦੇ ਵਿਕਾਸ ਲਈ ਲਗਾਤਾਰ ਫ਼ੰਡ ਜਾਰੀ ਕੀਤੇ ਜਾ ਰਹੇ ਹਨ, ਜਿਸ ਸਦਕਾ ਪਿੰਡ ਵਿੱਚ ਲਗਾਤਾਰ ਵਿਕਾਸ ਕਾਰਜ ਜਾਰੀ ਹਨ।
ਅਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ 5 ਲੱਖ ਰੁਪਏ ਦੀ ਲਾਗਤ ਨਾਲ 23 ਕੈਮਰੇ ਲਗਾਏ ਗਏ ਹਨ, ਜੋ ਸਾਰੇ ਪਿੰਡ ਨੂੰ ਕਵਰ ਕਰਦੇ ਹਨ। ਇਸ ਦੇ ਨਾਲ ਹੀ 10 ਲੱਖ ਰੁਪਏ ਦੀ ਲਾਗਤ ਨਾਲ 135 ਐਲ.ਈ.ਡੀ. ਲਾਈਟਾਂ ਲਗਾਈਆਂ ਗਈ ਹਨ ਅਤੇ ਇਸ ਤੋਂ ਇਲਾਵਾ ਪਿੰਡ ਵਿੱਚ 30 ਸੋਲਰ ਲਾਈਟਾਂ ਲੱਗੀਆਂ ਹਨ, ਜੋ ਹੁਣ ਰਾਤ ਸਮੇਂ ਪਿੰਡ ਦੇ ਲੋਕਾਂ ਖ਼ਾਸਕਰ ਮਹਿਲਾਵਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਂਦੀਆਂ ਹਨ। ਉਹਨਾਂ ਦੱਸਿਆ ਕਿ ਪਿੰਡ ਜਾਤੀਮਾਜਰਾ ਪੰਜਾਬ ਦੇ ਉਹਨਾਂ ਪਿੰਡਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਦੇ ਹਰੇਕ ਘਰ ਨੂੰ ਸਰਕਾਰੀ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਕਰੀਬ 46 ਲੱਖ ਰੁਪਏ ਨਾਲ ਪਿੰਡ ਦੇ ਤਿੰਨ ਛੱਪੜਾਂ ਦੀ ਸਫ਼ਾਈ ਕਰਵਾ ਕੇ ਇਨ੍ਹਾਂ ਨੂੰ ਪਾਈਪ ਲਾਈਨ ਨਾਲ ਪਿੰਡ ਦੇ ਬਾਹਰਲੇ ਛੱਪੜਾਂ ਨਾਲ ਜੋੜਿਆਂ ਗਿਆ ਹੈ ਅਤੇ ਨਾਲ ਹੀ ਰਸਤੇ ਵਿੱਚ ਨੱਕੇ ਦੇ ਕੇ ਇਸ ਪਾਣੀ ਦੀ ਵਰਤੋਂ ਖੇਤਾਂ ਵਿੱਚ ਸਿੰਚਾਈ ਲਈ ਵੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇੱਕ ਛੱਪੜ ਉੱਤੇ ਟਰੀਟਮੈਂਟ ਪਲਾਟ ਵੀ ਲਗਾਇਆ ਗਿਆ ਹੈ।
ਨੌਜਵਾਨ ਸਰਪੰਚ ਅਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਫ਼ਹਿਜਗੜ੍ਹ-ਜਾਤੀਮਾਜਰਾ ਤੋਂ ਹਥਨ ਤੱਕ ਜਾਂਦੀ ਸੜਕ ਨੂੰ 10 ਫੁੱਟ ਤੋਂ ਵਧਾ ਕੇ 18 ਫੁੱਟੀ ਕੀਤਾ ਗਿਆ ਹੈ, ਜਿਸ ਨਾਲ ਖੇਤਰ ਦੇ ਵੱਡੀ ਗਿਣਤੀ ਲੋਕਾਂ ਨੂੰ ਲਾਭ ਹੋਇਆ ਹੈ। ਉਹਨਾਂ ਦੱਸਿਆ ਕਿ ਸਕੂਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਨਵਾਂ ਕਮਰਾਂ, ਬਰਾਂਡਾ, ਨਵੇਂ ਬਾਥਰੂਮ ਵੀ ਬਣਾਏ ਗਏ ਹਨ। ਇਸ ਤੋਂ ਇਲਾਵਾ ਪਿੰਡ ਵਿੱਚ ਕਰੀਬ 10 ਲੱਖ ਰੁਪਏ ਨਾਲ 1962 ਦੀ ਜੰਗ ਦੇ ਸ਼ਹੀਦ ਮੁਕੰਦ ਸਿੰਘ ਜੀ ਦੀ ਯਾਦ ਵਿੱਚ ਯਾਦਗਾਰੀ ਗੇਟ ਬਣਾਇਆ ਗਿਆ ਹੈ ਅਤੇ ਸ਼ਹੀਦ ਬਾਬਾ ਗੁਰਮੁੱਖ ਸਿੰਘ ਜੀ ਨੂੰ ਜਾਂਦੇ ਰਸਤੇ ਨੂੰ ਪੱਕਾ ਕੀਤਾ ਗਿਆ ਹੈ। ਪਿੰਡ ਦੀਆਂ ਗਲੀਆਂ ਪੱਕੀਆਂ ਕਰਨ ਸਮੇਤ ਕਬਰਸਤਾਨ ਦੀ ਚਾਰਦੀਵਾਰੀ ਕੀਤੀ ਗਈ ਹੈ।
ਅਮਨਦੀਪ ਸਿੰਘ ਨੇ ਦੱਸਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪਿੰਡ ਨੂੰ ਮਿਲੇ ਫੰਡਾ ਨਾਲ ਪਿੰਡ ਨੂੰ ਸ਼ਹਿਰ ਵਰਗੀਆਂ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪਿੰਡ ਵਿੱਚ ਵਿਕਾਸ ਕਾਰਜ ਇਸੇ ਗਤੀ ਨਾਲ ਚਲਦੇ ਰਹਿਣਗੇ। ਉਹਨਾਂ ਭਵਿੱਖੀ ਯੋਜਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਰਵੀਦਾਸ ਧਰਮਸ਼ਾਲਾ ਵਿੱਚ ਨਵਾਂ ਸ਼ੈੱਡ ਪਾਇਆ ਜਾਵੇਗਾ ਅਤੇ ਨੌਜਵਾਨਾਂ ਲਈ ਜਿੰਮ ਲਗਾਉਣ, ਆਰ.ਓ ਪਲਾਂਟ ਲਗਾਉਣ ਦੀ ਵੀ ਤਜਵੀਜ਼ ਹੈ। ਉਹਨਾਂ ਦੱਸਿਆ ਪਿੰਡ ਨੂੰ ਵਾਈ-ਫਾਈ ਕੀਤਾ ਜਾਵੇਗਾ ਅਤੇ ਨਿਰਵਿਘਨ ਬਿਜਲੀ ਸਪਲਾਈ ਲਈ ਤਿੰਨ ਨਵੇਂ ਟਰਾਂਸਫ਼ਾਰਮਰ ਲਗਾਏ ਜਾ ਰਹੇ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ