
ਚੰਡੀਗੜ, 1 ਨਵੰਬਰ (ਹਿੰ. ਸ.)। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਅਜੇਪਾਲ ਸਿੰਘ ਬਰਾੜ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੈਟ ਅਤੇ ਸਿੰਡੀਕੇਟ ਨੂੰ ਖਤਮ ਕੀਤੇ ਜਾਣ ਤੇ ਸਖ਼ਤ ਇਤਰਾਜ਼ ਪ੍ਰਗਟ ਕਰਦੇ ਹੋਏ, ਇਸ ਕਦਮ ਨੂੰ ਕੇਂਦਰ ਸਰਕਾਰ ਦਾ ਪੰਜਾਬ ਉੱਪਰ 1966 ਤੋਂ ਬਾਅਦ ਦਾ ਸਭ ਤੋਂ ਵੱਡਾ ਨੀਤੀਗਤ ਹਮਲਾ ਕਰਾਰ ਦਿੱਤਾ ਹੈ। ਅਜੇਪਾਲ ਬਰਾੜ ਨੇ ਕਿਹਾ ਕਿ,ਕੇਂਦਰ ਸਰਕਾਰ ਵੱਲੋਂ ਪੰਜਾਬ ਦਾ ਦਿਲ ਕਹੀ ਜਾਣ ਵਾਲੀ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਖਤਮ ਕਰਨ ਦਾ ਫੈਸਲਾ ਕੇਂਦਰ ਵੱਲੋਂ ਪੰਜਾਬ ਦੀ ਜਮਹੂਰੀ ਸੰਸਥਾਵਾਂ ਤੇ ਸਿੱਖਿਅਕ ਖੁਦਮੁਖਤਿਆਰਤਾ ’ਤੇ ਸਿੱਧਾ ਹਮਲਾ ਹੈ।
ਅਜੇਪਾਲ ਬਰਾੜ ਨੇ ਕਿਹਾ ਕਿ ਕੇਂਦਰ ਵੱਲੋਂ ਖਾਸ ਤੌਰ ਤੇ 1 ਨਵੰਬਰ ਦੇ ਦਿਨ ਦੀ ਚੋਣ ਕੀਤੀ ਗਈ ਹੈ, ਕਿਉਂ ਕਿ ਕੋਈ ਵੀ ਕੇਂਦਰ ਸਰਕਾਰ ਇਸ ਦਿਨ ਦੀ ਪੰਜਾਬ ਦੇ ਸੰਦਰਭ ਵਿੱਚ ਅਹਿਮੀਅਤ ਤੋਂ ਭਲੀ ਭਾਂਤ ਜਾਣੂੰ ਹੈ। ਇਹ ਦਿਨ ਪੰਜਾਬ ਅਤੇ ਸਿੱਖ ਕੌਮ ਨਾਲ ਜਜ਼ਬਾਤੀ ਤੌਰ ਤੇ ਲਗਾਅ ਦੇਣਾ ਵਾਲਾ ਹੈ। ਸਰਦਾਰ ਬਰਾੜ ਨੇ ਕਿਹਾ ਕਿ ਇਹ ਫੈਸਲਾ ਸਿਰਫ਼ ਇਕ ਯੂਨੀਵਰਸਟੀ ਦਾ ਪ੍ਰਸ਼ਾਸਕੀ ਮਾਮਲਾ ਨਹੀਂ, ਬਲਕਿ ਪੰਜਾਬ ਦੀ ਆਵਾਜ਼, ਮਾਣਮੱਤੇ ਇਤਿਹਾਸ ਅਤੇ ਅਧਿਕਾਰਾਂ ਨੂੰ ਖੋਹਣ ਦੀ ਵੱਡੀ ਸਾਜ਼ਿਸ਼ ਦਾ ਹਿੱਸਾ ਹੈ। ਪੰਜਾਬ ਯੂਨੀਵਰਸਟੀ ਹਮੇਸ਼ਾ ਪੰਜਾਬੀ ਸਭਿਆਚਾਰ, ਭਾਸ਼ਾ ਅਤੇ ਵਿਦਿਆ ਦਾ ਪ੍ਰਤੀਕ ਰਹੀ ਹੈ, ਜਿਸਨੂੰ ਹੁਣ ਕੇਂਦਰ ਸਰਕਾਰ ਸਿੱਧੇ ਆਪਣੇ ਕਬਜ਼ੇ ’ਚ ਲੈਣਾ ਚਾਹੁੰਦੀ ਹੈ।
ਬਰਾੜ ਨੇ ਕਿਹਾ ਕਿ, ਯੂਨੀਵਰਸਟੀ ਦੇ ਪ੍ਰਬੰਧ ਵਿੱਚ ਹੁਣ ਚੰਡੀਗੜ੍ਹ ਦੇ ਮੈਬਰ ਪਾਰਲੀਮੈਂਟ ਅਤੇ ਪ੍ਰਿੰਸੀਪਲ ਸੈਕਟਰੀ ਨੂੰ ਐਕਸ ਆਫਸੀਓ ਮੈਂਬਰ ਬਣਾਉਣ ਦਾ ਫੈਸਲਾ, ਕੇਂਦਰ ਦੀ ਇਸ ਨੀਅਤ ਨੂੰ ਬੇਨਕਾਬ ਕਰਦਾ ਹੈ ਕਿ ਉਹ ਪੰਜਾਬ ਦੇ ਸਿੱਖਿਅਕ ਮਾਮਲਿਆਂ ਵਿੱਚ ਪੂਰੀ ਤਰ੍ਹਾਂ ਦਖ਼ਲ ਦੇ ਰਾਹ ’ਤੇ ਹੈ।
ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਡਟਕੇ ਵਿਰੋਧ ਕਰੇਗਾ ਅਤੇ ਪੰਜਾਬ ਯੂਨੀਵਰਸਟੀ ਦੀ ਜਮਹੂਰੀ ਬਣਤਰ ਤੇ ਪੰਜਾਬ ਦੇ ਹਿੱਸੇਦਾਰੀ ਅਧਿਕਾਰਾਂ ਦੀ ਰੱਖਿਆ ਲਈ ਲਾਮਬੰਦੀ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ