
ਗੁਰਦਾਸਪੁਰ, 1 ਨਵੰਬਰ (ਹਿੰ. ਸ.)। ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਰਮਨ ਬਹਿਲ ਵਲੋਂ ਵੱਡਾ ਉਪਰਾਲਾ ਕਰਦਿਆਂ ਕਮਾਲਪੁਰ ਅਫਗਾਨਾ ਨੇੜੇ ਕਿਰਨ ਨਾਲੇ ਦੀ ਸਫਾਈ ਵੱਡੀ ਕਰੇਨ ਨਾਲ ਸ਼ੁਰੂ ਕਰਵਾਈ ਗਈ ਹੈ, ਜਿਸ ਨਾਲ ਕਿਰਨ ਨਾਲੇ ਨਾਲ ਲਗਦੇ ਪਿੰਡਾਂ ਨੂੰ ਵੱਡੀ ਰਾਹਤ ਮਿਲੀ ਹੈ।
ਰਮਨ ਬਹਿਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਜਲ ਸਰੋਤ ਮੰਤਰੀ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਰਹਿਨੁਮਾਈ ਸਦਕਾ ਕਿਰਨ ਨਾਲੇ ਦੀ ਸਫਾਈ ਵੱਡੀ ਮਸ਼ੀਨ (ਪੋਕਲੇਨ) ਨਾਲ ਕਰਵਾਈ ਜਾ ਰਹੀ ਹੈ। ਕਮਾਲਪੁਰ ਅਫ਼ਗ਼ਾਨਾਂ ਤੋਂ ਸ਼ੁਰੂ ਹੋ ਕੇ ਹਰਦਾਨ ਤੱਕ ਸਫਾਈ ਕੀਤੀ ਜਾਵੇਗੀ। ਜਿਸ ਨਾਲ ਹਲਕੇ ਦੇ ਪਿੰਡਾਂ ਨੂੰ ਬਹੁਤ ਲਾਭ ਮਿਲੇਗਾ।
ਰਮਨ ਬਹਿਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਕਿਰਨ ਨਾਲੇ ਦੀ ਸਫਾਈ ਦਾ ਮੁੱਦਾ ਵੱਖ ਵੱਖ ਪਲੇਟਫਾਰਮਾਂ ਤੇ ਉਠਾਇਆ ਗਿਆ ਸੀ, ਕਿਉਂਕਿ ਪਿੰਡਾਂ ਦੇ ਕਿਸਾਨਾਂ ਦਾ ਇਸਦੀ ਸਫਾਈ ਨਾ ਹੋਣ ਨਾਲ ਪਿਛਲੇ ਕਈ ਸਾਲਾਂ ਤੋਂ ਨੁਕਸਾਨ ਹੋਇਆ ਹੈ। ਪਰ ਉਨ੍ਹਾਂ ਵਲੋਂ ਲਗਾਤਾਰ ਕੀਤੇ ਯਤਨਾਂ ਸਦਕਾ ਕਿਰਨ ਨਾਲੇ ਦੀ ਸਫਾਈ ਹੋਣ ਨਾਲ ਹੁਣ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ।
ਰਮਨ ਬਹਿਲ ਨੇ ਦੱਸਿਆ ਕਿ ਬੀਤੇ ਦਿਨਾਂ ਵਿੱਚ ਜਦੋਂ ਲਗਾਤਾਰ ਬਰਸਾਤਾਂ ਪਈਆਂ ਸਨ ਅਤੇ ਮਈ ਮਹੀਨੇ ਵਿੱਚ ਉਨ੍ਹਾਂ ਵਲੋਂ ਦੋ ਮਸ਼ੀਨਾਂ ਰਾਹੀਂ ਕਿਰਨ ਨਾਲੇ ਦੀ ਸਫਾਈ ਕਰਵਾਈ ਗਈ ਸੀ ਪਰ ਹੁਣ ਇਸ ਵੱਡੀ ਮਸ਼ੀਨ ਨਾਲ ਕਿਰਨ ਨਾਲੇ ਦੀ ਸਫਾਈ ਹੋਣ ਨਾਲ ਪਿਛੋ ਆਉਣ ਵਾਲਾ ਪਾਣੀ ਸੁਖਾਲੇ ਢੰਗ ਨਾਲ ਅੱਗੇ ਜਾ ਸਕੇਗਾ ।
ਰਮਨ ਬਹਿਲ ਨੇ ਕਿਹਾ ਕਿ ਉਹ ਗੁਰਦਾਸਪੁਰ ਹਲਕੇ ਦੇ ਵਿਕਾਸ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦੂਰ ਕਰਨ ਲਈ ਦਿਨ ਰਾਤ ਯਤਨਸ਼ੀਲ ਤੇ ਕਰਮਸ਼ੀਲ ਹਨ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਗਈਆਂ ਹਨ। ਰਮਨ ਬਹਿਲ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਲੋਕ ਹਿੱਤ ਵਿੱਚ ਵੱਡੇ ਫੈਸਲੇ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੜ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਨਿਸ਼ਚਿਤ ਕੀਤੇ ਸਮੇਂ ਤੋਂ ਪਹਿਲਾਂ ਮੁਹੱਈਆ ਕਰਵਾਈ ਹੈ ਅਤੇ ਹੁਣ ਕਣਕ ਬੀਜਣ ਲਈ ਮੁਫਤ ਬੀਜ ਵੰਡਿਆ ਜਾ ਰਿਹਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ