
ਹੁਸ਼ਿਆਰਪੁਰ, 14 ਨਵੰਬਰ (ਹਿੰ. ਸ਼)। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਵੱਲੋਂ ਵਿਸ਼ੇਸ਼ ਬੱਚਿਆਂ ਲਈ ਚਲਾਏ ਜਾ ਰਹੇ ਵਿਲੱਖਣ ਪ੍ਰੋਜੈਕਟ ਵਿੰਗਜ਼ ਨੂੰ ਇਕ ਪ੍ਰੇਰਨਾਦਾਇਕ ਯੋਗਦਾਨ ਮਿਲਿਆ। ਮੁਹਾਲੀ ਨਿਵਾਸੀ ਉਦਿਤ ਗੁਪਤਾ, ਜੋ ਕਿ ਅਜੇਸ਼ ਗੁਪਤਾ (ਐਸੋਸੀਏਟ ਵਾਈਸ ਪ੍ਰੈਜ਼ੀਡੈਂਟ, ਕੁਆਂਟਮ ਪੇਪਰ ਮਿੱਲਜ਼, ਸੈਲਾ ਖੁਰਦ) ਦੇ ਪੁੱਤਰ ਹਨ, ਨੇ ਪ੍ਰੋਜੈਕਟ ਲਈ 1.25 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਉਦਿਤ ਗੁਪਤਾ, ਜੋ ਪਿਛਲੇ ਪੰਜ ਸਾਲਾਂ ਤੋਂ ਜਰਮਨੀ ਵਿਚ ਇਕ ਵੱਕਾਰੀ ਫਾਰਮਾਸਿਊਟੀਕਲ ਕੰਸਲਟੈਂਸੀ ਕੰਪਨੀ ਲਈ ਕੰਮ ਕਰ ਰਹੇ ਹਨ, ਇਸ ਪ੍ਰੋਜੈਕਟ ਵਿਚ ਯੋਗਦਾਨ ਪਾਉਣ ਲਈ ਵਿਸ਼ੇਸ਼ ਤੌਰ 'ਤੇ ਹੁਸ਼ਿਆਰਪੁਰ ਪਹੁੰਚੇ। ਉਨ੍ਹਾਂ ਇਸ ਪਹਿਲਕਦਮੀ ਬਾਰੇ ਆਪਣੇ ਪਿਤਾ ਅਜੇਸ਼ ਗੁਪਤਾ ਤੋਂ ਸੇਧ ਲਈ, ਜਿਨ੍ਹਾਂ ਦਾ ਉਦੇਸ਼ ਆਟਿਸਟਿਕ ਅਤੇ ਬੌਧਿਕ ਤੌਰ 'ਤੇ ਕਮਜ਼ੋਰ ਬੱਚਿਆਂ ਨੂੰ ਸਵੈ-ਨਿਰਭਰ ਬਣਨ ਲਈ ਸਿਖਲਾਈ ਦੇ ਕੇ ਉਨ੍ਹਾਂ ਨੂੰ ਸਸ਼ਕਤ ਬਣਾਉਣਾ ਹੈ। ਇਸ ਲਈ ਉਨ੍ਹਾਂ ਨਿੱਜੀ ਤੌਰ 'ਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ।
ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਉਦਿਤ ਗੁਪਤਾ ਨੇ ਕਿਹਾ ਕਿ ਉਹ ਹਮੇਸ਼ਾ ਸਮਾਜ ਸੇਵਾ ਅਤੇ ਲੋਕ ਭਲਾਈ ਵਿੱਮਚ ਯੋਗਦਾਨ ਪਾਉਣ ਵਿਚ ਦਿਲਚਸਪੀ ਰੱਖਦੇ ਰਹੇ ਹਨ। ਜਦੋਂ ਉਨ੍ਹਾਂ ਨੂੰ ਵਿੰਗਜ਼ ਪ੍ਰੋਜੈਕਟ ਬਾਰੇ ਪਤਾ ਲੱਗਾ, ਤਾਂ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਇਹ ਪਹਿਲ ਵਿਸ਼ੇਸ਼ ਬੱਚਿਆਂ ਨੂੰ ਸਵੈ-ਨਿਰਭਰਤਾ ਵੱਲ ਮਾਰਗਦਰਸ਼ਨ ਕਰ ਰਹੀ ਹੈ।ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਗੁਪਤਾ ਦੇ ਇਸ ਯੋਗਦਾਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ, ਕਿ ਵਿੰਗਜ਼ ਇਕ ਰਾਜ-ਪੱਧਰੀ ਪਹਿਲਕਦਮੀ ਹੈ ਜਿਸ ਦਾ ਵਿਸਥਾਰ ਹੁਣ ਦੂਜੇ ਜ਼ਿਲ੍ਹਿਆਂ ਵਿਚ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੁਹਾਲੀ ਜ਼ਿਲ੍ਹੇ ਨੇ ਵੀ ਇਸ ਪ੍ਰੋਜੈਕਟ ਨੂੰ ਅਪਣਾਇਆ ਹੈ ਅਤੇ ਜਲਦੀ ਹੀ ਖਰੜ ਪੌਲੀਟੈਕਨਿਕ ਕਾਲਜ ਵਿਖੇ ਇਕ ਵਿੰਗਜ਼ ਟੱਕ ਸ਼ਾਪ ਦੀ ਸਥਾਪਨਾ ਕੀਤੀ ਜਾਵੇਗੀ।
ਆਸ਼ਿਕਾ ਜੈਨ ਨੇ ਕਿਹਾ ਕਿ ਦੇਸ਼ ਭਰ ਦੇ ਸਕੂਲਾਂ ਅਤੇ ਕਾਲਜਾਂ ਵਿਚ ਲਾਗੂ ਕੀਤਾ ਗਿਆ ਇਹ ਪ੍ਰੋਜੈਕਟ ਵਿਸ਼ੇਸ਼ ਵਰਗ ਵਾਲੇ ਬੱਚਿਆਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਿਚ ਵੱਡੀ ਭੂਮਿਕਾ ਨਿਭਾਅ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਦੇ ਸਕੱਤਰ ਮੰਗੇਸ਼ ਸੂਦ ਅਤੇ ਉਨ੍ਹਾਂ ਦੀ ਟੀਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸੰਸਥਾ ਨੂੰ ਸਮਾਜ ਸੇਵਾ ਪ੍ਰਤੀ ਸੰਵੇਦਨਸ਼ੀਲਤਾ ਅਤੇ ਸਮਰਪਣ ਦੀ ਇਕ ਸ਼ਾਨਦਾਰ ਉਦਾਹਰਣ ਬਣਾਇਆ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰੈੱਡ ਕਰਾਸ ਹੁਸ਼ਿਆਰਪੁਰ ਦੇ ਉਪਰਾਲਿਆਂ ਵਿਚ ਹਿੱਸਾ ਲੈਣ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਲੋਕਾਂ ਨੂੰ ਸਹਾਇਤਾ ਅਤੇ ਸਨਮਾਨਜਨਕ ਜੀਵਨ ਦਾ ਮੌਕਾ ਪ੍ਰਦਾਨ ਕੀਤਾ ਜਾ ਸਕੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ