
ਨਵੀਂ ਦਿੱਲੀ, 2 ਨਵੰਬਰ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਛੱਤੀਸਗੜ੍ਹ ਦੌਰੇ ਦੀਆਂ ਝਲਕੀਆਂ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਸਾਂਝੀਆਂ ਕੀਤੀਆਂ। ਪ੍ਰਧਾਨ ਮੰਤਰੀ ਨੇ ਨਵਾ ਰਾਏਪੁਰ ਅਟਲ ਨਗਰ ਵਿੱਚ ਰੋਡ ਸ਼ੋਅ ਦੌਰਾਨ ਲੋਕਾਂ ਦੇ ਉਤਸ਼ਾਹ ਅਤੇ ਪਿਆਰ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਲਿਖਿਆ ਕਿ ਛੱਤੀਸਗੜ੍ਹ ਦੇ ਲੋਕਾਂ ਵੱਲੋਂ ਜਿਹੜੇ ਉਤਸ਼ਾਹ ਅਤੇ ਰਵਾਇਤੀ ਅੰਦਾਜ ’ਚ ਸਵਾਗਤ ਕੀਤਾ ਗਿਆ, ਉਹ ਭਾਵੁਕ ਕਰਨ ਵਾਲਾ ਸੀ।
ਪ੍ਰਧਾਨ ਮੰਤਰੀ ਨੇ ਆਪਣੀ ਐਕਸ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਨੂੰ ਨਵਾ ਰਾਏਪੁਰ ਵਿੱਚ ਬਣੀ ਛੱਤੀਸਗੜ੍ਹ ਵਿਧਾਨ ਸਭਾ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨ ਦਾ ਮੌਕਾ ਮਿਲਿਆ। ਇਹ ਇਮਾਰਤ ਗ੍ਰੀਨ ਬਿਲਡਿੰਗ ਦੇ ਸੰਕਲਪ 'ਤੇ ਤਿਆਰ ਕੀਤੀ ਗਈ ਹੈ, ਜੋ ਸੂਰਜੀ ਊਰਜਾ 'ਤੇ ਚੱਲੇਗੀ ਅਤੇ ਮੀਂਹ ਦੇ ਪਾਣੀ ਦੀ ਸੰਭਾਲ ਵੀ ਕਰੇਗੀ। ਇਹ ਇਮਾਰਤ 'ਵਿਕਸਤ ਛੱਤੀਸਗੜ੍ਹ' ਵੱਲ ਇੱਕ ਵੱਡਾ ਕਦਮ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਇੱਥੇ ਭਾਰਤ ਰਤਨ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਮੂਰਤੀ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਹ ਮੂਰਤੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਇਸ ਮੌਕੇ ਉਨ੍ਹਾਂ ਨੇ ਏਕ ਪੇੜ ਮਾਂ ਕੇ ਨਾਮ ਮੁਹਿੰਮ ਤਹਿਤ ਰੁੱਖ ਵੀ ਲਗਾਇਆ।
ਪ੍ਰਧਾਨ ਮੰਤਰੀ ਨੇ ਸੱਤਿਆ ਸਾਈਂ ਸੰਜੀਵਨੀ ਹਸਪਤਾਲ ਵਿੱਚ ਉਨ੍ਹਾਂ ਬੱਚਿਆਂ ਨਾਲ ਵੀ ਮੁਲਾਕਾਤ ਕੀਤੀ ਜਿਨ੍ਹਾਂ ਨੇ ਜਮਾਂਦਰੂ ਦਿਲ ਦੀਆਂ ਬਿਮਾਰੀਆਂ 'ਤੇ ਕਾਬੂ ਪਾਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਦੀ ਮੁਸਕਰਾਹਟ ਅਤੇ ਉਤਸ਼ਾਹ ਨੇ ਉਨ੍ਹਾਂ ਨੂੰ ਨਵੀਂ ਊਰਜਾ ਦਿੱਤੀ।
ਮੋਦੀ ਨੇ ਕਿਹਾ ਕਿ ਵਿਧਾਨ ਸਭਾ ਭਵਨ ਦੇ ਉਦਘਾਟਨ ਸਮਾਰੋਹ ਵਿੱਚ ਮੌਜੂਦ ਵੱਡੀ ਗਿਣਤੀ ਵਿੱਚ ਲੋਕਾਂ ਨੇ ਰਾਜ ਦੀ 25ਵੀਂ ਵਰ੍ਹੇਗੰਢ ਦੇ ਜਸ਼ਨ ਨੂੰ ਹੋਰ ਵੀ ਖਾਸ ਬਣਾ ਦਿੱਤਾ। ਪ੍ਰਧਾਨ ਮੰਤਰੀ ਨੇ ਨਵਾ ਰਾਏਪੁਰ ਵਿੱਚ ਬ੍ਰਹਮਾਕੁਮਾਰੀ ਮੈਡੀਟੇਸ਼ਨ ਸੈਂਟਰ ਸ਼ਾਂਤੀ ਸ਼ਿਖਰ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਕਿਹਾ ਕਿ ਇਹ ਕੇਂਦਰ ਆਧੁਨਿਕਤਾ ਅਤੇ ਅਧਿਆਤਮਿਕਤਾ ਦਾ ਸੰਗਮ ਹੈ ਅਤੇ ਭਵਿੱਖ ਵਿੱਚ ਸਾਧਨਾ ਅਤੇ ਵਿਸ਼ਵ ਸ਼ਾਂਤੀ ਦਾ ਪ੍ਰਮੁੱਖ ਕੇਂਦਰ ਬਣੇਗਾ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ