
ਅਮ੍ਰਿਤਸਰ, 8 ਦਸੰਬਰ (ਹਿੰ. ਸ.)। ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਆਯੋਜਿਤ ਕੀਤਾ ਜਾ ਰਿਹਾ 19ਵਾਂ ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ ਸੋਮਵਾਰ ਨੂੰ ਸਮਾਪਤ ਹੋ ਗਿਆ। ਪਿਛਲੇ ਪੰਜ ਦਿਨਾਂ ਦੌਰਾਨ ਇੱਥੇ ਸਾਢੇ 3 ਲੱਖ ਤੋਂ ਵੱਧ ਲੋਕਾਂ ਨੇ ਐਕਸਪੋ ਦਾ ਦੌਰਾ ਕੀਤਾ ਅਤੇ ਜ਼ਰੂਰੀ ਸਮਾਨ ਦੀ ਖਰੀਦਦਾਰੀ ਕੀਤੀ। ਪਿਛਲੇ ਸਾਲ ਜਿੱਥੇ 3 ਲੱਖ 43 ਹਜ਼ਾਰ ਲੋਕਾਂ ਨੇ ਐਕਸਪੋ ਦਾ ਦੌਰਾ ਕੀਤਾ ਸੀ, ਜਦੋਂ ਕਿ ਇਸ ਸਾਲ ਸੈਲਾਨੀਆਂ ਦੀ ਗਿਣਤੀ ਸਾਢੇ 3 ਲੱਖ ਨੂੰ ਪਾਰ ਕਰ ਗਈ ਹੈ।
ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦੇ ਚੇਅਰ ਕਰਨ ਗਿੱਲਹੋਤਰਾ ਨੇ ਕਿਹਾ ਕਿ ਇਸ ਸਾਲ ਇਹ ਸਮਾਗਮ 4 ਦਸੰਬਰ ਨੂੰ ਸ਼ੁਰੂ ਕੀਤਾ ਗਿਆ ਸੀ, ਜਿਸ ’ਚ ਪੰਜਾਬ ਸਰਕਾਰ ਦੇ ਮਾਰਕਫੈੱਡ, ਪੀਐਸਆਈਈਸੀ, ਇਨਵੈਸਟ ਪੰਜਾਬ ਅਤੇ ਸਟਾਰਟਅੱਪ ਸਮੇਤ 17 ਵਿਭਾਗਾਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਗੁਜਰਾਤ, ਜੰਮੂ-ਕਸ਼ਮੀਰ, ਰਾਜਸਥਾਨ, ਨੈਸ਼ਨਲ ਜੂਟ ਬੋਰਡ ਅਤੇ ਕੇਵੀਆਈਸੀ ਸਮੇਤ ਕਈ ਵਿਭਾਗਾਂ ਦੇ ਮਾਧਿਅਮ ਰਾਹੀਂ ਕਾਰੀਗਰ ਆਪਣਾ ਸਾਮਾਨ ਲੈ ਕੇ ਪਹੁੰਚੇ।
ਗਿਲਹੋਤਰਾ ਨੇ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਜ਼ਿਲ੍ਹਾ ਡਿਪਟੀ ਕਮਿਸ਼ਨਰ ਆਈਏਐਸ ਦਲਵਿੰਦਰਜੀਤ ਸਿੰਘ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਉਦਯੋਗ ਵਿਭਾਗ ਦੇ ਵੱਖ-ਵੱਖ ਅਧਿਕਾਰੀਆਂ ਨੇ ਇਸ ਸਮਾਗਮ ਵਿੱਚ ਯੋਗਦਾਨ ਪਾਇਆ ਹੈ। ਗਿਲਹੋਤਰਾ ਨੇ ਕਿਹਾ ਕਿ ਪੰਜ ਦਿਨਾਂ ਵਿੱਚ ਲੱਖਾਂ ਲੋਕਾਂ ਨੇ ਇੱਥੇ ਪਾਈਟੈਕਸ ਦੇਖਿਆ ਹੈ, ਪਰ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਾਹਰੀ ਸੜਕਾਂ 'ਤੇ ਆਵਾਜਾਈ ਸੁਚਾਰੂ ਰਹੀ। ਗਿਲਹੋਤਰਾ ਨੇ ਕਿਹਾ ਕਿ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਅਗਲੇ ਸਾਲ ਪਾਈਟੈਕਸ ਦਾ ਵਿਸਥਾਰ ਕੀਤਾ ਜਾਵੇਗਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ