
ਪਟਿਆਲਾ, 8 ਦਸੰਬਰ (ਹਿੰ. ਸ.)। ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਪਟਿਆਲਾ ਅਵਤਾਰ ਸਿੰਘ ਨੇ ਜ਼ਿਲ੍ਹਾ ਲੀਗਲ ਸਰਵਿਸਿਜ਼ ਅਥਾਰਟੀ ਦੀ ਡਰੱਗ ਡੀ-ਐਡਿਕਸ਼ਨ ਅਤੇ ਜਾਗਰੂਕਤਾ ਮੁਹਿੰਮ ਦੇ ਤਹਿਤ ਇੱਕ ਵਿਸ਼ੇਸ਼ ਜਾਗਰੂਕਤਾ ਵੈਨ ਨੂੰ ਰਵਾਨਾ ਕੀਤਾ। ਇਹ ਪਹਿਲ ਲੋਕਾਂ ਨੂੰ ਨਸ਼ੇ ਦੇ ਨੁਕਸਾਨਾਂ ਬਾਰੇ ਜਾਣੂ ਕਰਾਉਣ, ਡੀ-ਐਡਿਕਸ਼ਨ ਸੇਵਾਵਾਂ ਨੂੰ ਪ੍ਰੋਤਸਾਹਿਤ ਕਰਨ ਅਤੇ ਸੰਵੇਦਨਸ਼ੀਲ ਵਿਅਕਤੀਆਂ ਨੂੰ ਪੁਨਰਵਾਸ ਸਹਾਇਤਾ ਲੈਣ ਲਈ ਪ੍ਰੇਰਿਤ ਕਰਨ ਲਈ ਹੈ।
ਫਲੈਗ-ਆਫ਼ ਸਮਾਰੋਹ ਜ਼ਿਲ੍ਹਾ ਅਦਾਲਤਾਂ, ਪਟਿਆਲਾ ਵਿੱਚ ਜੱਜ ਸਾਹਿਬਾਨ, ਲ਼ੀਗਲ ਏਡ ਡਿਫੈਂਸ ਕਾਊਂਸਲ , ਪੈਰਾ ਲੀਗਲ ਵਲੰਟੀਅਰ ਅਤੇ ਜ਼ਿਲ੍ਹਾ ਲੀਗਲ ਸਰਵਿਸਿਜ਼ ਅਥਾਰਟੀ, ਪਟਿਆਲਾ ਦੇ ਸਟਾਫ ਦੀ ਹਾਜ਼ਰੀ ਵਿੱਚ ਕਰਵਾਇਆ ਗਿਆ। ਇਹ ਜਾਗਰੂਕਤਾ ਵੈਨ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਯਾਤਰਾ ਕਰੇਗੀ ਅਤੇ ਆਡੀਓ-ਵਿਜ਼ੂਅਲ ਸੁਨੇਹੇ, ਨਸ਼ਿਆਂ ਦੇ ਨੁਕਸਾਨਾਂ ਨੂੰ ਉਜਾਗਰ ਕਰਨ ਵਾਲੇ ਬੈਨਰ, ਪੰਫਲੇਟ ਅਤੇ ਲੋਕਾਂ ਨਾਲ ਗੱਲਬਾਤ ਕਰਕੇ ਜਾਣਕਾਰੀ ਪਹੁੰਚਾਏਗੀ।
ਸਭਾ ਨੂੰ ਸੰਬੋਧਨ ਕਰਦਿਆਂ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਅਵਤਾਰ ਸਿੰਘ ਨੇ ਨਸ਼ੇ ਦੀ ਵਧ ਰਹੀ ਸਮੱਸਿਆ ਦਾ ਤੁਰੰਤ ਮੁਕਾਬਲਾ ਕਰਨ ਦੀ ਜ਼ਰੂਰਤ ' ਤੇ ਜ਼ੋਰ ਦਿੱਤਾ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਜਾਗਰੂਕਤਾ ਵਧਾਉਣ, ਪੁਨਰਵਾਸ ਸੇਵਾਵਾਂ ਤੱਕ ਪਹੁੰਚ ਯਕੀਨੀ ਬਣਾਉਣ ਅਤੇ ਪ੍ਰਭਾਵਿਤ ਵਿਅਕਤੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਹਾਇਤਾ ਦੇਣ ਵਿੱਚ ਕੇਂਦਰੀ ਭੂਮਿਕਾ 'ਤੇ ਰੋਸ਼ਨੀ ਪਾਈ । ਓਹਨਾ ਨਾਗਰਿਕਾਂ ਨੂੰ ਨਸ਼ੇ-ਮੁਕਤ ਸਮਾਜ ਬਣਾਉਣ ਵਿੱਚ ਸਰਗਰਮ ਭਾਗੀਦਾਰੀ ਕਰਨ ਲਈ ਵੀ ਆਹਵਾਨ ਕੀਤਾ।
ਜ਼ਿਕਰਯੋਗ ਹੈ ਕਿ ਇਹ ਮੁਹਿੰਮ 6 ਜਨਵਰੀ 2026 ਤੱਕ ਜਾਰੀ ਰਹੇਗੀ। ਇਸ ਮੁਹਿੰਮ ਦੌਰਾਨ ਸਕੂਲ, ਕਾਲਜਾਂ ਅਤੇ ਪਿੰਡਾਂ ਵਿੱਚ ਨਸਾ ਮੁਕਤੀ ਅਤੇ ਪੁਨਰਵਾਸ ਕੇਂਦਰਾਂ ਦੇ ਸਹਿਯੋਗ ਨਾਲ ਜਾਗਰੂਕਤਾ ਕੈਂਪ ਚਲਾਏ ਜਾ ਰਹੇ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ