
ਖਡੂਰ ਸਾਹਿਬ/ਤਰਨਤਾਰਨ, 8 ਦਸੰਬਰ (ਹਿੰ. ਸ.)।ਸੂਬੇ ਵਿੱਚ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਖੇ ਚੋਣ ਅਮਲੇ ਦੀ 2 ਹਿੱਸਿਆਂ ਵਿੱਚ ਚੋਣ ਰਿਹੱਸਲ ਕਰਵਾਈ। ਡਿਪਟੀ ਕਮਿਸ਼ਨਰ ਤਰਨ ਤਾਰਨ ਕਮ ਜ਼ਿਲ੍ਹਾ ਚੋਣ ਅਫ਼ਸਰ ਰਾਹੁਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੋਡਲ ਅਫਸਰ ਕਮ ਉਪ ਮੰਡਲ ਮਜਿਸਟਰੇਟ ਸੰਜੀਵ ਸ਼ਰਮਾ, ਮਾਸਟਰ ਟਰੇਨਰ ਡਾ: ਨਵਤੇਜ ਸਿੰਘ, ਡਾ: ਯਾਦਵਿੰਦਰ ਸਿੰਘ ਦੀ ਨਿਗਰਾਨੀ ਵਿੱਚ ਕਰਵਾਈ ਗਈ ਚੋਣ ਰਿਹੱਸਲ ਦੌਰਾਨ ਪ੍ਰਜਾਈਡਿੰਗ ਅਫ਼ਸਰ ਅਤੇ ਅਸਿਸਟਿੰਗ ਪੋਲਿੰਗ ਅਫ਼ਸਰਾਂ ਨੇ ਭਾਗ ਲਿਆ।
ਇਸ ਮੌਕੇ ਤਹਿਸੀਲਦਾਰ ਅਤੇ ਇਲੈਕਸ਼ਨ ਇੰਚਾਰਜ ਸੀਮਾ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ ਅਤੇ ਨੋਡਲ ਅਫਸਰ ਖਡੂਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮੁੱਚੀ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਦੇ ਮੰਤਵ ਨਾਲ ਸਮੁੱਚੇ ਚੋਣ ਅਮਲੇ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੋਏ ਲੋੜੀਂਦੀ ਰਿਹਰਸਲ ਕਰਵਾਈ ਗਈ ਹੈ ਤਾਂ ਜੋ ਸਮੁੱਚੀ ਚੋਣ ਪ੍ਰਕਿਰਿਆ ਸਹੀ ਤਰੀਕੇ ਨਾਲ ਪੂਰੀ ਕੀਤੀ ਜਾ ਸਕੇ। ਇਸ ਮੌਕੇ ਇਲੈਕਸ਼ਨ ਇੰਚਾਰਜ ਨੇ ਦੱਸਿਆ ਕਿ ਚੋਣ ਅਮਲੇ ਦੀ ਰਿਹਸਲ 9 ਦਸੰਬਰ ਨੂੰ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿੱਚ ਹੀ ਹੋਵੇਗੀ ਅਤੇ 13 ਦਸੰਬਰ ਦੀ ਦੂਸਰੀ ਰਿਹਰਸਲ ਦੇ ਨਾਲ ਸ਼ਾਮ ਨੂੰ ਕਾਲਜ ਖਡੂਰ ਸਾਹਿਬ ਵਿੱਚ ਹੀ ਬਣਨ ਵਾਲੇ ਡਿਸਪੈਚ ਸੈਂਟਰ ਤੋਂ ਚੋਣ ਪਾਰਟੀਆਂ ਨੂੰ ਵੱਖ-ਵੱਖ ਬੂਥਾਂ ਲਈ ਜ਼ਿਲ੍ਹਾ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਰਵਾਨਾ ਕੀਤਾ ਜਾਵੇਗਾ।
ਇਸ ਮੌਕੇ ਮਾਸਟਰ ਟਰੇਨਰ ਡਾ: ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪ੍ਰੀਜਾਡਿੰਗ ਅਫਸਰ ਅਤੇ ਪੋਲਿੰਗ ਅਫਸਰਾਂ ਦੀ ਇੱਕ ਸਾਂਝੀ ਟਰੇਨਿੰਗ ਬਲਾਕ ਖਡੂਰ ਸਾਹਿਬ ਨਾਗੋਕੇ ਅਤੇ ਚੋਹਲਾ ਸਾਹਿਬ ਦੇ ਚੋਣ ਅਮਲਿਆ ਦੀ ਕਰਵਾਈ ਗਈ। ਇਸ ਵਿੱਚ ਉਹਨਾਂ ਪੋਲਿੰਗ ਬੂਥਾਂ ਤੇ ਪਹੁੰਚਣ ਤੋਂ ਪਹਿਲਾਂ ਸਮਾਨ ਲੈਣਾ, ਬੂਥ ਸੈਟ ਅਪ ਕਰਨਾ ਅਤੇ ਵੱਖ ਵੱਖ ਫਾਰਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
--------------
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ