
ਸੁਨਾਮ, 8 ਦਸੰਬਰ (ਹਿੰ. ਸ.)। ਉਪ ਮੰਡਲ ਮੈਜਿਸਟਰੇਟ, ਸੁਨਾਮ ਊਧਮ ਸਿੰਘ ਵਾਲਾ ਐਟ ਸੁਨਾਮ, ਪ੍ਰਮੋਦ ਸਿੰਗਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਠੰਢ ਦੇ ਮੌਸਮ ਵਿੱਚ ਵੀ ਖੁੱਲ੍ਹੇ ਅਸਮਾਨ ਹੇਠ ਸੌਣ ਨੂੰ ਮਜਬੂਰ ਲੋਕਾਂ ਦੀ ਮਦਦ ਲਈ ਅੱਗੇ ਆਉਣ।
ਸਿੰਗਲਾ ਨੇ ਕਿਹਾ ਕਿ ਲੋੜ ਹੈ ਸਰਦੀਆਂ ਵਿੱਚ ਬੇਘਰੇ ਲੋਕਾਂ ਲਈ ਮਿਲ ਕੇ ਇੱਕ ਸੁਰੱਖਿਅਤ ਆਸਰਾ ਦਿੱਤਾ ਜਾਵੇ। ਇਸ ਤਹਿਤ ਲੋੜਵੰਦਾਂ ਨੂੰ
ਆਸਰਾ ਗ੍ਰਹਿ/ਰੈਣ ਬਸੇਰਾ (Night Shelters) ਬਾਰੇ ਸੂਚਿਤ ਕੀਤਾ ਜਾਵੇ। ਜੇਕਰ ਤੁਸੀਂ ਕਿਸੇ ਵੀ ਵਿਅਕਤੀ ਨੂੰ ਰਾਤ ਸਮੇਂ ਬਾਹਰ ਜਾਂ ਸੜਕ 'ਤੇ ਸੁੱਤਾ ਹੋਇਆ ਦੇਖਦੇ ਹੋ, ਜਿਸ ਕੋਲ ਠਹਿਰਨ ਦਾ ਕੋਈ ਪ੍ਰਬੰਧ ਨਹੀਂ ਹੈ, ਤਾਂ ਕਿਰਪਾ ਕਰਕੇ ਉਸ ਨੂੰ ਨਜ਼ਦੀਕੀ ਸਰਕਾਰੀ ਆਸਰਾ ਗ੍ਰਹਿ/ਰੈਣ ਬਸੇਰਾ ਬਾਰੇ ਜਾਣਕਾਰੀ ਦਿੱਤੀ ਜਾਵੇ।
ਨਜ਼ਦੀਕੀ ਆਸਰਾ ਗ੍ਰਹਿ/ਰੈਣ ਬਸੇਰਾ ਦੇ ਪਤੇ ਬਾਰੇ ਨਗਰ ਕੌਂਸਲ ਦਫ਼ਤਰ ਤੋਂ ਪੁਸ਼ਟੀ ਕੀਤੀ ਜਾ ਸਕਦੀ ਹੈ। ਜੇਕਰ ਉਹ ਵਿਅਕਤੀ ਖੁਦ ਆਸਰਾ ਗ੍ਰਹਿ/ਰੈਣ ਬਸੇਰਾ ਨਹੀਂ ਪਹੁੰਚ ਸਕਦਾ ਜਾਂ ਕੋਈ ਹੋਰ ਐਮਰਜੈਂਸੀ ਸਥਿਤੀ ਹੈ, ਤਾਂ ਕਿਰਪਾ ਕਰ ਕੇ ਤੁਰੰਤ ਤਹਿਸੀਲ ਕੰਟਰੋਲ ਰੂਮ ਜਾਂ ਹੈਲਪਲਾਈਨ ਨੰਬਰ 'ਤੇ ਸੂਚਿਤ ਕਰੋ, ਜਿਨ੍ਹਾਂ ਵਿੱਚ 941701-70070, 94171-58581 ਅਤੇ 9815824616 ਨੰਬਰ ਸ਼ਾਮਲ ਹਨ।
ਨਗਰ ਕੌਂਸਲ, ਸੁਨਾਮ ਦੇ ਕਾਰਜਕਾਰੀ ਅਫ਼ਸਰ (ਈ.ਓ.) ਨੂੰ ਜ਼ਰੂਰੀ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਕਿ ਉਹ ਅਜਿਹੇ ਵਿਅਕਤੀਆਂ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ। ਲੋਕ ਆਪਣੇ ਪੱਧਰ 'ਤੇ ਉਨ੍ਹਾਂ ਨੂੰ ਗਰਮ ਕੱਪੜੇ, ਕੰਬਲ ਜਾਂ ਹੋਰ ਜ਼ਰੂਰੀ ਸਾਮਾਨ ਮੁਹੱਈਆ ਕਰਵਾਉਣ ਵਿੱਚ ਵੀ ਮਦਦ ਕਰ ਸਕਦੇ ਹਨ, ਪਰ ਸਭ ਤੋਂ ਜ਼ਰੂਰੀ ਹੈ ਕਿ ਲੋੜਵੰਦਾਂ ਨੂੰ ਠੰਢ ਤੋਂ ਬਚਾਉਣ ਲਈ ਛੱਤ ਹੇਠਾਂ ਲਿਆਂਦਾ ਜਾਵੇ।
ਐਸ.ਡੀ.ਐਮ. ਵੱਲੋਂ ਸਮੂਹ ਨਾਗਰਿਕਾਂ ਨੂੰ ਇਹ ਬੇਨਤੀ ਕੀਤੀ ਗਈ ਕਿ ਇਸ ਮਨੁੱਖੀ ਕਾਰਜ ਵਿੱਚ ਆਪਣਾ ਯੋਗਦਾਨ ਪਾ ਕੇ, ਸਰਦੀਆਂ ਵਿੱਚ ਕਿਸੇ ਵੀ ਕੀਮਤੀ ਜਾਨ ਨੂੰ ਬਚਾਉਣ ਲਈ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਆਪਣਾ ਫਰਜ਼ ਨਿਭਾਇਆ ਜਾਵੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ