ਭਾਸ਼ਾ ਵਿਭਾਗ ਵੱਲੋਂ ਕਾਵਿ-ਸੰਗਤ ਸਾਹਿਤਕ ਸਮਾਗਮ ਕਰਵਾਇਆ
ਤਰਨਤਾਰਨ, 8 ਦਸੰਬਰ (ਹਿੰ. ਸ.)। ਜ਼ਿਲ੍ਹਾ ਭਾਸ਼ਾ ਦਫ਼ਤਰ, ਤਰਨ ਤਾਰਨ ਵੱਲੋਂ ਜ਼ਿਲ੍ਹੇ ਦੀਆਂ ਸਰਗਰਮ ਕਾਰਜਸ਼ੀਲ ਸਾਹਿਤ ਸਭਾਵਾਂ ਮਾਝਾ ਜਨਵਾਦੀ ਲਿਖਾਰੀ ਸਭਾ (ਮਜਲਸ) ਰਜਿ. ਪੰਜਾਬ ਅਤੇ ਪੰਜਾਬੀ ਸਾਹਿਤ ਸਭਾ ਅਤੇ ਸਭਿਆਚਾਰਕ ਕੇਂਦਰ, ਤਰਨ ਤਾਰਨ ਦੇ ਸਹਿਯੋਗ ਨਾਲ ਤਰਨ ਤਾਰਨ ਜ਼ਿਲ੍ਹੇ ਦੇ ਸ਼ਾਇਰਾਂ ਦਾ ਸ਼ਾਨਦਾਰ ਸਾ
ਭਾਸ਼ਾ ਵਿਭਾਗ ਵੱਲੋਂ ਕਰਵਾਏ ਕਾਵਿ-ਸੰਗਤ ਸਾਹਿਤਕ ਸਮਾਗਮ ਦਾ ਦ੍ਰਿਸ਼.


ਤਰਨਤਾਰਨ, 8 ਦਸੰਬਰ (ਹਿੰ. ਸ.)। ਜ਼ਿਲ੍ਹਾ ਭਾਸ਼ਾ ਦਫ਼ਤਰ, ਤਰਨ ਤਾਰਨ ਵੱਲੋਂ ਜ਼ਿਲ੍ਹੇ ਦੀਆਂ ਸਰਗਰਮ ਕਾਰਜਸ਼ੀਲ ਸਾਹਿਤ ਸਭਾਵਾਂ ਮਾਝਾ ਜਨਵਾਦੀ ਲਿਖਾਰੀ ਸਭਾ (ਮਜਲਸ) ਰਜਿ. ਪੰਜਾਬ ਅਤੇ ਪੰਜਾਬੀ ਸਾਹਿਤ ਸਭਾ ਅਤੇ ਸਭਿਆਚਾਰਕ ਕੇਂਦਰ, ਤਰਨ ਤਾਰਨ ਦੇ ਸਹਿਯੋਗ ਨਾਲ ਤਰਨ ਤਾਰਨ ਜ਼ਿਲ੍ਹੇ ਦੇ ਸ਼ਾਇਰਾਂ ਦਾ ਸ਼ਾਨਦਾਰ ਸਾਹਿਤਕ ਸਮਾਗਮ ‘ਕਾਵਿ-ਸੰਗਤ’ ਸਥਾਨਕ ਸਕੂਲ ਪੰਜਾਬ ਕੌਨਵੈਂਟ ਸਕੂਲ, ਗੋਹਲਵੜ ਵਿਖੇ ਕਰਵਾਇਆ ਗਿਆ। ਇਸ ਮੌਕੇ ਸ਼ਾਇਰਾਂ ਵੱਲੋਂ ਆਪਣੀਆਂ ਰਚਨਾਵਾਂ ਬਹੁਤ ਹੀ ਸੰਵੇਦਨਸ਼ੀਲ ਅਤੇ ਪ੍ਰਭਾਵਸ਼ਾਲੀ ਲਹਿਜੇ ਵਿੱਚ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਦੇ ਸਰੋਕਾਰ ਸਮਾਜ, ਧਰਮ, ਇਤਿਹਾਸ, ਰਾਜਨੀਤੀ, ਅਤੇ ਰਿਸ਼ਤਿਆਂ ਦੀ ਪਾਕੀਜ਼ਗੀ ਅਤੇ ਸਮਰਪਣ ਨਾਲ ਜੁੜੇ ਹੋਏ ਸਨ।

ਸਮਾਗਮ ਦੀਆਂ ਬਹੁਤੀਆਂ ਰਚਨਾਵਾਂ ਕਿਸੇ ਨਾ ਕਿਸੇ ਵਿਚਾਰ ਦਾ ਪ੍ਰਗਟਾਵਾ ਕਰਦਿਆਂ ਕੋਈ ਨਾ ਕੋਈ ਜੀਵਨ ਸੇਧ ਅਤੇ ਆਦਰਸ਼ ਸਿਰਜਨ ਵਾਲੀਆਂ ਸਨ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਨਾਮਵਰ ਸ਼ਾਇਰ ਪ੍ਰੋ. ਕੁਲਵੰਤ ਔਜਲਾ ਨੇ ਸਾਰੇ ਕਵੀਆਂ ਨੂੰ ਵਧਾਈ ਦਿੰਦਿਆਂ ਪ੍ਰਸੰਸਾ ਕੀਤੀ ਕਿ ਉਹਨਾਂ ਦੀ ਸ਼ਾਇਰੀ ਫਿਕਰ ਵਾਲੀ ਸ਼ਾਇਰੀ ਹੈ ਅਤੇ ਤਰਨ ਤਾਰਨ ਦੀ ਧਰਤੀ `ਤੇ ਇਹੋ ਜਿਹੇ ਸ਼ਾਇਰਾਂ ਕਰਕੇ ਸਾਹਿਤਕ ਪਰੰਪਰਾ ਹੋਰ ਅਮੀਰ ਬਣ ਰਹੀ ਹੈ। ਉਹਨਾਂ ਅਜਿਹੇ ਸਾਹਿਤਕ ਸਮਾਗਮਾਂ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਡੇ ਸਮਾਜ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਦੇਣ ਵਿੱਚ ਇਹ ਸਮਾਗਮ ਵਿਸ਼ੇਸ਼ ਮਹੱਤਵ ਰੱਖਦੇ ਹਨ।

ਆਏ ਹੋਏ ਮਹਿਮਾਨਾਂ ਅਤੇ ਸ਼ਾਇਰਾਂ ਦਾ ਸਵਾਗਤ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੇ ਲੇਖਕ ਸੋਹਣੀ ਕਵਿਤਾ ਲਿਖ ਰਹੇ ਹਨ ਅਤੇ ਇਸ ਸਮਾਗਮ ਦਾ ਉਦੇਸ਼ ਅਜਿਹੇ ਕਵੀਆਂ ਨੂੰ ਇੱਕ ਮੰਚ ’ਤੇ ਇਕੱਠਾ ਕਰਕੇ ਉਹਨਾਂ ਨੂੰ ਬਣਦਾ ਮਾਣ-ਸਤਿਕਾਰ ਦੇਣਾ ਹੈ ਤਾਂ ਜੋ ਉਹ ਭਵਿੱਖ ਵਿੱਚ ਆਪਣੀ ਕਲਮ ਰਾਹੀਂ ਸਮਾਜਿਕ ਫਿਕਰਾਂ ਨੂੰ ਇਸੇ ਤਰ੍ਹਾਂ ਕਲਾਤਮਕ ਢੰਗ ਨਾਲ ਪ੍ਰਗਟਾਉਂਦੇ ਰਹਿਣ। ਇਸ ਮੌਕੇ ਉਹਨਾਂ ਨੇ ਜ਼ਿਲ੍ਹਾ ਭਾਸ਼ਾ ਦਫ਼ਤਰ ਤਰਨ ਤਾਰਨ ਅਤੇ ਫ਼ਿਰੋਜ਼ਪੁਰ ਵੱਲੋਂ ਸਾਂਝੇ ਰੂਪ ਵਿੱਚ ਚਲਾਈ ਗਈ ਮੁਹਿੰਮ ‘ਪੁਸਤਕ ਦਾਨ-ਮਹਾਂਦਾਨ’ ਬਾਰੇ ਜਾਣਕਾਰੀ ਦਿੰਦਿਆਂ ਵੱਧ ਤੋਂ ਵੱਧ ਪੁਸਤਕਾਂ ਦਾਨ ਵਜੋਂ ਦੇਣ ਲਈ ਬੇਨਤੀ ਕੀਤੀ।

ਇਸ ਮੌਕੇ ਕਹਾਣੀਕਾਰ ਜਸਵਿੰਦਰ ਸਿੰਘ ਮਾਣੌਚਾਹਲ ਵੱਲੋਂ 70 ਪੁਸਤਕਾਂ ਇਸ ਮੁਹਿੰਮ ਨੂੰ ਸਹਿਯੋਗ ਦਿੰਦੇ ਹੋਏ ਭੇਂਟ ਕੀਤੀਆਂ ਗਈਆਂ । ਮਾਝਾ ਜਨਵਾਦੀ ਲਿਖਾਰੀ ਸਭਾ (ਮਜਲਸ) ਦੇ ਜਰਨਲ ਸਕੱਤਰ ਹਰਦਰਸ਼ਨ ਸਿੰਘ ਕਮਲ ਅਤੇ ਪੰਜਾਬੀ ਸਾਹਿਤ ਸਭਾ ਤੇ ਸਭਿਆਚਾਰਕ ਕੇਂਦਰ, ਤਰਨ ਤਾਰਨ ਦੇ ਪ੍ਰਧਾਨ ਜਸਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਤਰਨ ਤਾਰਨ ਜ਼ਿਲ੍ਹੇ ਵਿੱਚ ਇਹ ਦੋਵੇਂ ਸਾਹਿਤ ਸਭਾਵਾਂ ਨਿਰੰਤਰਤਾ ਨਾਲ ਸਾਹਿਤਕ ਗਤੀਵਿਧੀਆਂ ਕਰਦੀਆਂ ਰਹਿੰਦੀਆਂ ਹਨ ਅਤੇ ਭਵਿੱਖ ਵਿੱਚ ਵੀ ਭਾਸ਼ਾ ਵਿਭਾਗ, ਪੰਜਾਬ ਨਾਲ ਜੁੜ ਕੇ ਅਜਿਹੇ ਉਪਰਾਲੇ ਜਾਰੀ ਰਹਿਣਗੇ। ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਸ. ਸਕੱਤਰ ਸਿੰਘ ਸੰਧੂ (ਪ੍ਰਧਾਨ, ਰਾਸਾ ਪੰਜਾਬ) ਨੇ ਜਿੱਥੇ ਸਮਾਗਮ ਦੀ ਗੁਣਵੱਤਾ ਦੀ ਸ਼ਲਾਘਾ ਕੀਤੀ ਓਥੇ ਉਹਨਾਂ ਨੇ ਆਪਣੀਆਂ ਰਚਨਾਵਾਂ ਨਾਲ ਵੀ ਹਾਜ਼ਰ ਸਰੋਤਿਆਂ ਨਾਲ ਸਾਂਝ ਪਾਈ।

ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਚਰਨਜੀਤ ਕੌਰ (ਪ੍ਰਿੰਸੀਪਲ, ਪੰਜਾਬ ਕੋਨਵੈਂਟ ਸਕੂਲ ਗੋਹਲਵੜ) ਅਤੇ ਸ਼੍ਰੀਮਤੀ ਲਖਵਿੰਦਰ ਕੌਰ ( ਪ੍ਰਿੰਸੀਪਲ, ਦ ਅਲਪਾਈਨ ਸਕੂਲ ਤਰਨ ਤਾਰਨ) ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਬੰਧਕੀ ਕਾਰਜਾਂ ਵਿੱਚ ਜੁੱਟਿਆਂ ਸਾਨੂੰ ਅਜਿਹੇ ਸਮਾਗਮ ਦੇਖਣ ਦਾ ਮੌਕਾ ਬਹੁਤ ਘੱਟ ਮਿਲਦਾ ਹੈ ਪ੍ਰੰਤੂ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਆਪਣੇ ਜ਼ਿਲ੍ਹੇ ਦੇ ਕਵੀਆਂ ਨੂੰ ਸੁਣਨਾ ਮਾਣ ਵਾਲੀ ਗੱਲ ਹੈ।

ਸਮਾਗਮ ਦੀ ਸਫ਼ਲਤਾ ਅਤੇ ਸਹਿਯੋਗ ਵਿੱਚ ਚੇਅਰਮੈਨ ਰਜਿੰਦਰ ਸਿੰਘ ਰੰਧਾਵਾ ਪੰਜਾਬ ਕੌਨਵੈਂਟ ਸਕੂਲ ਗੋਹਲਵੜ ਅਤੇ ਦ ਅਲਪਾਈਨ ਸਕੂਲ, ਰਾਸਾ ਪੰਜਾਬ, ਭਾਸ਼ਾ ਵਿਭਾਗ ਦੇ ਕਰਮਚਾਰੀਆਂ ਚੇਤਨ ਕੁਮਾਰ ਅਤੇ ਵਿਨੋਦ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਮਾਗਮ ਦੇ ਅੰਤ ’ਤੇ ਹਰਦਰਸ਼ਨ ਸਿੰਘ ਕਮਲ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸ਼ਾਇਰਾਂ ਦਾ ਧੰਨਵਾਦ ਕੀਤਾ ਗਿਆ ਤੇ ਦੋਵੇੰ ਸਾਹਿਤ ਸਭਾਵਾਂ, ਮਹਿਮਾਨਾਂ ਅਤੇ ਸ਼ਾਇਰਾਂ ਨੂੰ ਸਨਮਾਨਿਤ ਕੀਤਾ ਗਿਆ।

----------------

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande