ਪਟਿਆਲਾ ਦੀ ਜੇਲ੍ਹ 'ਚੋਂ 317 ਦਿਨ ਬਾਅਦ ਬਾਹਰ ਆਏ ਨਵਜੋਤ ਸਿੰਘ ਸਿੱਧੂ
ਚੰਡੀਗੜ੍ਹ, 01 ਅਪ੍ਰੈਲ (ਹਿ. ਸ.)। ਰੋਡ ਰੇਜ ਦੇ ਮਾਮਲੇ ’ਚ ਸਜ਼ਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿ
ਪਟਿਆਲਾ ਦੀ ਜੇਲ੍ਹ 'ਚੋਂ 317 ਦਿਨ ਬਾਅਦ ਬਾਹਰ ਆਏ ਨਵਜੋਤ ਸਿੰਘ ਸਿੱਧੂ


ਚੰਡੀਗੜ੍ਹ, 01 ਅਪ੍ਰੈਲ (ਹਿ. ਸ.)। ਰੋਡ ਰੇਜ ਦੇ ਮਾਮਲੇ ’ਚ ਸਜ਼ਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸ਼ਨੀਵਾਰ ਦੇਰ ਸ਼ਾਮ ਨੂੰ ਜੇਲ ਤੋਂ ਬਾਹਰ ਆ ਗਏ। ਸਿੱਧੂ ਨੂੰ ਇੱਕ ਸਾਲ ਦੀ ਸਜ਼ਾ ਹੋਈ ਸੀ ਪਰ ਚੰਗੇ ਆਚਰਣ ਕਾਰਨ ਉਹ 317 ਦਿਨਾਂ ਬਾਅਦ ਹੀ ਜੇਲ੍ਹ ਤੋਂ ਬਾਹਰ ਆ ਗਏ ਸਨ। ਨਵਜੋਤ ਸਿੱਧੂ ਪਿਛਲੇ ਇੱਕ ਸਾਲ ਤੋਂ ਪਟਿਆਲਾ ਜੇਲ੍ਹ ਵਿੱਚ ਬੰਦ ਸਨ। ਇਸ ਦੌਰਾਨ ਉਹ ਦੋ ਵਾਰ ਖ਼ਰਾਬ ਸਿਹਤ ਕਾਰਨ ਜੇਲ੍ਹ ਤੋਂ ਬਾਹਰ ਆਇਆ।

ਜਿਕਰਯੋਗ ਹੈ ਕਿ ਨਵਜੋਤ ਸਿੱਧੂ ਨੂੰ ਕਰੀਬ 32 ਸਾਲ ਪੁਰਾਣੇ ਰੋਡ ਰੇਜ ਕੇਸ ਵਿੱਚ 19 ਮਈ 2022 ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਸੀ। ਸਿੱਧੂ 20 ਮਈ 2022 ਨੂੰ ਜੇਲ੍ਹ ਗਏ ਸਨ। ਨਿਯਮਾਂ ਮੁਤਾਬਕ ਸਿੱਧੂ ਦੀ ਸਜ਼ਾ 19 ਮਈ ਨੂੰ ਖਤਮ ਹੋਣੀ ਸੀ ਪਰ ਉਨ੍ਹਾਂ ਨੂੰ ਇਹ ਰਿਆਇਤ ਜੇਲ੍ਹ ਵਿੱਚ ਚੰਗੇ ਵਿਹਾਰ ਅਤੇ ਇੱਕ ਸਾਲ ਦੌਰਾਨ ਕੋਈ ਛੁੱਟੀ ਨਾ ਲੈਣ ਕਾਰਨ ਦਿੱਤੀ ਜਾ ਰਹੀ ਹੈ।

ਇਥੇ ਇਹ ਵੀ ਜਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਦਸੰਬਰ 2022 ਤੋਂ ਹੀ ਚਰਚਾਵਾਂ ਸ਼ੁਰੂ ਹੋ ਗਈਆਂ ਸਨ। ਸਾਰਿਆਂ ਨੂੰ ਉਮੀਦ ਸੀ ਕਿ ਨਵਜੋਤ ਸਿੰਘ ਸਿੱਧੂ 26 ਜਨਵਰੀ 2023 ਨੂੰ ਰਿਹਾਅ ਹੋ ਜਾਣਗੇ। ਸਿੱਧੂ ਦੀ ਰਿਹਾਈ ਦਾ ਪ੍ਰੋਗਰਾਮ ਆਖਰੀ ਸਮੇਂ ਰੱਦ ਕਰ ਦਿੱਤਾ ਗਿਆ। ਸ਼ਨੀਵਾਰ ਨੂੰ ਵੀ ਸਿੱਧੂ ਦੀ ਰਿਹਾਈ ਨੂੰ ਲੈ ਕੇ ਦਿਨ ਭਰ ਹਾਈ ਵੋਲਟੇਜ ਡਰਾਮਾ ਜਾਰੀ ਰਿਹਾ। ਜੇਲ੍ਹ ਪ੍ਰਸ਼ਾਸਨ ਦੀ ਤਰਫ਼ੋਂ ਰਿਸ਼ਤੇਦਾਰਾਂ ਨੂੰ ਦੱਸਿਆ ਗਿਆ ਕਿ ਸਿੱਧੂ ਨੂੰ ਸਵੇਰੇ 11 ਵਜੇ ਪੇਸ਼ੀ ਤੋਂ ਬਾਅਦ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਜਾਵੇਗਾ। ਜਿਸ ਕਾਰਨ ਵੱਡੀ ਗਿਣਤੀ ਵਿੱਚ ਸਿੱਧੂ ਪੱਖੀ ਕਾਂਗਰਸੀ ਵਰਕਰ ਜੇਲ੍ਹ ਦੇ ਬਾਹਰ ਇਕੱਠੇ ਹੋ ਗਏ।

ਨਵਜੋਤ ਸਿੱਧੂ ਦੇ ਵਕੀਲ ਅਤੇ ਉਨ੍ਹਾਂ ਦਾ ਪੁੱਤਰ ਉਨ੍ਹਾਂ ਨੂੰ ਲੈਣ ਜੇਲ੍ਹ ਦੇ ਅੰਦਰ ਗਏ। ਇਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਸਿੱਧੂ ਦੀ ਰਿਹਾਈ ਲਈ ਇੱਕ ਘੰਟੇ ਦਾ ਸਮਾਂ ਵਧਾ ਕੇ ਰੱਖਦਾ ਰਿਹਾ। ਤਿੰਨ ਵਜੇ ਤੋਂ ਬਾਅਦ ਸਿੱਧੂ ਦੇ ਬੇਟੇ ਕਰਨ ਸਿੱਧੂ ਅਤੇ ਵਕੀਲ ਵੀ ਜੇਲ੍ਹ ਤੋਂ ਬਾਹਰ ਆਏ ਅਤੇ ਉਨ੍ਹਾਂ ਨੇ ਜੇਲ੍ਹ ਪ੍ਰਸ਼ਾਸਨ ’ਤੇ ਜਾਣਬੁੱਝ ਕੇ ਦੇਰੀ ਕਰਨ ਦਾ ਦੋਸ਼ ਲਗਾਇਆ। ਲੰਬੀ ਉਡੀਕ ਤੋਂ ਬਾਅਦ ਸ਼ਾਮ 6 ਵਜੇ ਦੇ ਕਰੀਬ ਨਵਜੋਤ ਸਿੱਧੂ ਜੇਲ੍ਹ ਤੋਂ ਬਾਹਰ ਆਏ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਵਜੋਤ ਸਿੱਧੂ ਦੇ ਸਵਾਗਤ ਲਈ ਨਹੀਂ ਆਏ, ਹਾਲਾਂਕਿ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਨਵਤੇਜ ਚੀਮਾ, ਅਸ਼ਵਨੀ ਸੇਖੜੀ, ਸੁਖਵਿੰਦਰ ਸਿੰਘ ਡੈਨੀ ਸਮੇਤ ਸਿੱਧੂ ਕੈਂਪ ਦੇ ਕਈ ਆਗੂ ਪਟਿਆਲਾ ਜੇਲ੍ਹ ਦੇ ਬਾਹਰ ਜ਼ਰੂਰ ਪੁੱਜੇ। ਰਿਹਾਈ ਤੋਂ ਬਾਅਦ ਸਿੱਧੂ ਆਪਣੇ ਸਮਰਥਕਾਂ ਸਮੇਤ ਜੇਲ੍ਹ ਤੋਂ ਸਿੱਧਾ ਆਪਣੀ ਪਟਿਆਲਾ ਸਥਿਤ ਰਿਹਾਇਸ਼ ’ਤੇ ਪਹੁੰਚੇ।

ਨਵਜੋਤ ਸਿੱਧੂ ਕਾਂਗਰਸ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਫਿਲਮੀ ਦੁਨੀਆ ’ਚ ਵੀ ਸਰਗਰਮ ਰਹੇ ਹਨ। ਜੇਲ੍ਹ ਜਾਣ ਤੋਂ ਪਹਿਲਾਂ ਨਵਜੋਤ ਸਿੱਧੂ ਨੂੰ ਜ਼ੈੱਡ ਪਲੱਸ ਸੁਰੱਖਿਆ ਸੀ। ਜਦੋਂ ਪੰਜਾਬ ਸਰਕਾਰ ਨੇ ਸੂਬੇ ਵਿੱਚ ਸੁਰੱਖਿਆ ਦਾ ਜਾਇਜ਼ਾ ਲੈਂਦਿਆਂ ਆਗੂਆਂ ਦੀ ਸੁਰੱਖਿਆ ਵਾਪਸ ਲੈ ਲਈ ਸੀ, ਉਸ ਸਮੇਂ ਸਿੱਧੂ ਜੇਲ੍ਹ ਵਿੱਚ ਸਨ। ਸ਼ੁੱਕਰਵਾਰ ਰਾਤ ਨੂੰ ਪਟਿਆਲਾ ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਨਵਜੋਤ ਸਿੱਧੂ ਨੂੰ ਹੁਣ ਵਾਈ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਇਸ ਲਈ ਸ਼ਨੀਵਾਰ ਨੂੰ ਜਦੋਂ ਸਿੱਧੂ ਜੇਲ ਤੋਂ ਬਾਹਰ ਆਏ ਤਾਂ ਉਨ੍ਹਾਂ ਨੂੰ ਨਵੇਂ ਨਿਯਮਾਂ ਤਹਿਤ ਵਾਈ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande