ਕਾਬੁਲ, 05 ਜੂਨ (ਹਿ. ਸ.)। ਉੱਤਰੀ ਅਫਗਾਨਿਸਤਾਨ ਵਿੱਚ ਦੋ ਵੱਖ-ਵੱਖ ਘਟਨਾਵਾਂ ਵਿੱਚ ਪ੍ਰਾਇਮਰੀ ਸਕੂਲ ਦੀਆਂ 80 ਲੜਕੀਆਂ ਨੂੰ ਜ਼ਹਿਰ ਦੇ ਦਿੱਤਾ ਗਿਆ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਕ ਸਥਾਨਕ ਸਿੱਖਿਆ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਗਸਤ 2021 ਵਿੱਚ ਤਾਲਿਬਾਨ ਦੇ ਸੱਤਾ ਵਿੱਚ ਆਉਣ ਅਤੇ ਅਫਗਾਨ ਔਰਤਾਂ ਅਤੇ ਲੜਕੀਆਂ ਦੇ ਅਧਿਕਾਰਾਂ ਅਤੇ ਆਜ਼ਾਦੀਆਂ ਨੂੰ ਦਬਾਉਣ ਤੋਂ ਬਾਅਦ ਇਹ ਅਜਿਹਾ ਪਹਿਲਾ ਮਾਮਲਾ ਮੰਨਿਆ ਜਾ ਰਿਹਾ ਹੈ। ਸਿੱਖਿਆ ਅਧਿਕਾਰੀ ਨੇ ਵੇਰਵੇ ਨਾ ਦਿੰਦੇ ਹੋਏ ਕਿਹਾ ਕਿ ਜ਼ਹਿਰ ਦੇਣ ਵਾਲੇ ਵਿਅਕਤੀ ਦੀ ਨਿੱਜੀ ਰੰਜਿਸ਼ ਸੀ। ਇਹ ਘਟਨਾਵਾਂ ਸਰ-ਏ-ਪੁਲ ਸੂਬੇ ’ਚ ਸ਼ਨੀਵਾਰ ਅਤੇ ਐਤਵਾਰ ਨੂੰ ਹੋਈਆਂ।
ਦੇਸ਼ ਵਿੱਚ ਕੁੜੀਆਂ ਨੂੰ ਛੇਵੀਂ ਜਮਾਤ ਤੋਂ ਬਾਅਦ ਦੀ ਪੜ੍ਹਾਈ ਕਰਨ ’ਤੇ ਪਾਬੰਦੀ ਹੈ। ਇਸ ਦੇ ਨਾਲ ਹੀ ਔਰਤਾਂ ’ਤੇ ਕੰਮ ਕਰਨ ’ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਸ਼ਰੀਆ ਦੇ ਸਖ਼ਤ ਕਾਨੂੰਨ ਤਹਿਤ ਕੈਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਔਰਤਾਂ ਦਾ ਜੀਵਨ ਘਰ ’ਚ ਖਾਣਾ ਬਣਾਉਣ ਤੱਕ ਸੀਮਤ ਹੋ ਕੇ ਰਹਿ ਗਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ