ਊਧਮਪੁਰ, 16 ਸਤੰਬਰ (ਹਿ. ਸ.)। ਊਧਮਪੁਰ ਦੇ ਐਸਐਸਪੀ ਡਾਕਟਰ ਵਿਨੋਦ ਕੁਮਾਰ ਦੀਆਂ ਹਦਾਇਤਾਂ ’ਤੇ ਡੀਐਸਪੀ ਹੈੱਡਕੁਆਰਟਰ ਗੁਰਮੀਤ ਸਿੰਘ ਅਤੇ ਥਾਣਾ ਇੰਚਾਰਜ ਰਘੁਵੀਰ ਸਿੰਘ ਚੌਧਰੀ ਨੇ ਵੱਖ-ਵੱਖ ਥਾਵਾਂ ’ਤੇ ਪੁਲਿਸ ਨਾਕੇ ਲਗਾ ਕੇ ਪਸ਼ੂ ਤਸਕਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਵਿੱਢ ਦਿੱਤੀ ਹੈ। ਸ਼ਨੀਵਾਰ ਨੂੰ ਵੀ ਊਧਮਪੁਰ ਪੁਲਿਸ ਨੇ ਜਖੈਣੀ ਚੌਕ ’ਤੇ ਨਾਕੇ ਦੌਰਾਨ ਇਕ ਵਾਹਨ ਵਿੱਚੋਂ 16 ਕਿਲੋ ਭੁੱਕੀ ਬਰਾਮਦ ਕਰ ਕੇ ਇਕ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਥਾਣਾ ਇੰਚਾਰਜ ਊਧਮਪੁਰ ਰਘੁਵੀਰ ਸਿੰਘ ਚੌਧਰੀ ਦੀ ਅਗਵਾਈ ਅਤੇ ਡੀਐਸਪੀ ਹੈੱਡਕੁਆਰਟਰ ਗੁਰਮੀਤ ਸਿੰਘ ਦੀ ਨਿਗਰਾਨੀ ਹੇਠ ਊਧਮਪੁਰ ਪੁਲਿਸ ਟੀਮ ਨੇ ਜਖੈਣੀ ਚੌਕ ’ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ। ਇੱਕ ਵਾਹਨ ਜੋ ਸ਼੍ਰੀਨਗਰ, ਜੰਮੂ ਜਾ ਰਿਹਾ ਸੀ, ਨੂੰ ਜਾਂਚ ਲਈ ਰੋਕਿਆ ਗਿਆ ਅਤੇ ਜਾਂਚ ਦੌਰਾਨ ਗੱਡੀ ’ਚ ਛੁਪਾ ਕੇ ਰੱਖੀ ਭੁੱਕੀ ਬਰਾਮਦ ਹੋਈ। ਪੁਲਿਸ ਨੇ ਮੌਕੇ ’ਤੇ ਪੁੱਜੇ ਨਾਇਬ ਤਹਿਸੀਲਦਾਰ ਘਨਸ਼ਿਆਮ ਅਤੇ ਤੋਲ ਤੇ ਨਾਪ ਵਿਭਾਗ ਦੇ ਅਧਿਕਾਰੀ ਦੀ ਹਾਜ਼ਰੀ ’ਚ ਭੁੱਕੀ ਦਾ ਵਜ਼ਨ ਕੀਤਾ, ਜੋ ਕਿ 16 ਕਿਲੋ ਨਿਕਲੀ। ਇਸ ਸਬੰਧੀ ਪੁਲਿਸ ਨੇ ਇੱਕ ਤਸਕਰ ਨੂੰ ਹਿਰਾਸਤ ਵਿੱਚ ਲਿਆ ਹੈ ਜਿਸ ਦੀ ਪਹਿਚਾਣ ਮੁਹੰਮਦ ਅਮੀਨ ਭੱਟ ਵਾਸੀ ਅਨੰਤਨਾਗ ਵਜੋਂ ਹੋਈ ਹੈ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ