ਖੇਤੀ ਮਸ਼ੀਨਾਂ ਸਬਸਿਡੀ 'ਤੇ ਮੁਹੱਈਆ ਕਰਵਾਉਣ ਲਈ ਡ੍ਰਾਅ ਕੱਢੇ ਗਏ
ਫਾਜਿ਼ਲਕਾ, 18 ਸਤੰਬਰ (ਹਿ. ਸ.)। ਪੰਜਾਬ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਵਾਲੀਆਂ ਮਸ਼ੀਨਾਂ ਤੇ ਸਬਸਿਡੀ ਦੇਣ ਲਈ ਪ੍ਰਾਪਤ
ਫਾਜਿ਼ਲਕਾ


ਫਾਜਿ਼ਲਕਾ, 18 ਸਤੰਬਰ (ਹਿ. ਸ.)। ਪੰਜਾਬ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਵਾਲੀਆਂ ਮਸ਼ੀਨਾਂ ਤੇ ਸਬਸਿਡੀ ਦੇਣ ਲਈ ਪ੍ਰਾਪਤ ਅਰਜੀਆਂ ਵਿਚੋਂ ਡ੍ਰਾਅ ਰਾਹੀਂ ਲਾਭਪਾਤਰੀ ਕਿਸਾਨਾਂ ਦੀ ਚੋਣ ਕੀਤੀ ਗਈ। ਇਹ ਡ੍ਰਾਅ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਦੀ ਰਹਿਨੁਮਾਈ ਹੇਠ ਕੱਢੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਸਫਲ ਕਿਸਾਨਾਂ ਨੂੰ ਵਧਾਈ ਦਿੰਦਿਆਂ ਅਪੀਲ ਕੀਤੀ ਕਿ ਉਹ ਛੇਤੀ ਤੋਂ ਛੇਤੀ ਆਪਣੀਆਂ ਮਸ਼ੀਨਾਂ ਦੀ ਖਰੀਦ ਕਰਨ ਤਾਂ ਜ਼ੋ ਆਗਾਮੀ ਸੀਜਨ ਦੌਰਾਨ ਝੋਨੇ ਦੀ ਪਰਾਲੀ ਦੀ ਸੰਭਾਲ ਇੰਨ੍ਹਾਂ ਮਸ਼ੀਨਾਂ ਨਾਲ ਕੀਤੀ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿ਼ਲ੍ਹੇ ਵਿਚ 947 ਵਿਅਕਤੀਗਤ ਕਿਸਾਨਾਂ ਨੂੰ ਮਸ਼ੀਨਾਂ ਮੁਹਈਆ ਕਰਵਾਉਣ ਲਈ ਉਨ੍ਹਾਂ ਦੀ ਚੋਣ ਕੀਤੀ ਗਈ ਹੈ ਜਦ ਕਿ ਇਸ ਤੋਂ ਬਿਨ੍ਹਾਂ 32 ਗ੍ਰਾਮ ਪੰਚਾਇਤਾਂ, 16 ਸਹਿਕਾਰੀ ਸਭਾਵਾਂ ਅਤੇ 15 ਐਸਸੀ ਕਿਸਾਨ ਸਮੂਹਾਂ ਦੀ ਚੋਣ ਵੀ ਮਸ਼ੀਨਾਂ ਤੇ ਸਬਸਿਡੀ ਦੇਣ ਲਈ ਕੀਤੀ ਗਈ ਹੈ।

ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਨੇ ਕਿਹਾ ਕਿ ਸਫਲ ਹੋਏ ਕਿਸਾਨਾਂ ਦੀਆਂ ਸੂਚੀਆਂ ਬਲਾਕ ਖੇਤੀਬਾੜੀ ਦਫ਼ਤਰਾਂ ਵਿਚ ਵੇਖੀਆਂ ਜਾ ਸਕਦੀਆਂ ਹਨ ਜਾਂ ਕਿਸਾਨ ਜਿਸ ਪੋਰਟਲ ਤੇ ਆਨਲਾਈਨ ਅਪਲਾਈ ਕੀਤਾ ਸੀ ਉਸੇ ਪੋਰਟਲ ਤੇ ਆਪਣੀ ਯੂਜਰ ਆਈਡੀ ਨਾਲ ਲਾਗਇਨ ਕਰਕੇ ਇਹ ਪਤਾ ਲਗਾ ਸਕਦੇ ਹਨ ਕਿ ਉਨ੍ਹਾਂ ਦੇ ਨਾਂਅ ਦਾ ਡ੍ਰਾਅ ਨਿਕਲਿਆ ਹੈ ਜਾਂ ਨਹੀਂ। ਖੇਤੀਬਾੜੀ ਇੰਜਨੀਅਰ ਕਮਲ ਗੋਇਲ ਨੇ ਦੱਸਿਆ ਕਿ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ, ਸਰਫੇਸ ਸੀਡਰ, ਜਿ਼ਰੋ ਟਿਲੇਜ਼ ਡ੍ਰਿਲ, ਸੁਪਰ ਐਸਐਮਐਸ, ਆਰਐਮਬੀ ਪਲਾਓ, ਮਲਚਰ, ਰੋਟੇਰੀ ਸਲੈਸ਼ਰ/ਸ਼ਰਬ ਮਾਸਟਰ, ਰੀਪਰ, ਪੈਡੀ ਸਟ੍ਰਾਅ ਚੋਪਰ, ਬੇਲਰ, ਰੇਕ ਆਦਿ ਮਸ਼ੀਨਾਂ ਸਰਕਾਰ ਵੱਲੋਂ ਸਬਸਡਿੀ ਤੇ ਮੁਹਈਆ ਕਰਵਾਈਆਂ ਜਾ ਰਹੀਆਂ ਹਨ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande