(ਅੱਪਡੇਟ) ਚੋਣ ਨਤੀਜੇ ਅਤੇ ਰੁਝਾਨ: ਮਹਾਰਾਸ਼ਟਰ ਵਿੱਚ ਵੱਡੀ ਜਿੱਤ ਦੀ ਰਾਹ 'ਤੇ ਭਾਜਪਾ ਗਠਜੋੜ, ਝਾਰਖੰਡ ਵਿੱਚ ਜੇਐਮਐਮ ਲੀਡਰਸ਼ਿਪ ਦੀ ਵਾਪਸੀ
ਨਵੀਂ ਦਿੱਲੀ, 23 ਨਵੰਬਰ (ਹਿੰ.ਸ.)। ਮਹਾਰਾਸ਼ਟਰ, ਝਾਰਖੰਡ ਅਤੇ 15 ਰਾਜਾਂ ਦੀਆਂ 48 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਅਤੇ ਰੁਝਾਨ ਸਾਹਮਣੇ ਆ ਰਹੇ ਹਨ। ਦੁਪਹਿਰ 3 ਵਜੇ ਤੱਕ ਦੇ ਰੁਝਾਨ ਸੱਤਾਧਾਰੀ ਪਾਰਟੀਆਂ ਨੂੰ ਜਿੱਤ ਵੱਲ ਲਿਜਾਂਦੇ ਦਿਖਾਈ ਦੇ ਰਹੇ ਹਨ। ਝਾਰਖੰਡ ਵਿੱਚ ਜਿੱਥੇ ਇੱਕ ਪਾਸੇ
Election in India


ਨਵੀਂ ਦਿੱਲੀ, 23 ਨਵੰਬਰ (ਹਿੰ.ਸ.)। ਮਹਾਰਾਸ਼ਟਰ, ਝਾਰਖੰਡ ਅਤੇ 15 ਰਾਜਾਂ ਦੀਆਂ 48 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਅਤੇ ਰੁਝਾਨ ਸਾਹਮਣੇ ਆ ਰਹੇ ਹਨ। ਦੁਪਹਿਰ 3 ਵਜੇ ਤੱਕ ਦੇ ਰੁਝਾਨ ਸੱਤਾਧਾਰੀ ਪਾਰਟੀਆਂ ਨੂੰ ਜਿੱਤ ਵੱਲ ਲਿਜਾਂਦੇ ਦਿਖਾਈ ਦੇ ਰਹੇ ਹਨ। ਝਾਰਖੰਡ ਵਿੱਚ ਜਿੱਥੇ ਇੱਕ ਪਾਸੇ ਝਾਰਖੰਡ ਮੁਕਤੀ ਮੋਰਚਾ ਦੀ ਅਗਵਾਈ ਵਾਲੇ ਇੰਡੀਆ ਗਠਜੋੜ ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ, ਉੱਥੇ ਦੂਜੇ ਪਾਸੇ ਮਹਾਰਾਸ਼ਟਰ ਵਿੱਚ ਭਾਜਪਾ ਦੀ ਅਗਵਾਈ ਵਾਲੇ ਮਹਾਯੁਤੀ ਗਠਜੋੜ ਨੂੰ ਵੱਡਾ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ।

ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਅੰਕੜਿਆਂ ਮੁਤਾਬਕ ਝਾਰਖੰਡ ਦੀਆਂ 81 ਸੀਟਾਂ 'ਚੋਂ ਝਾਰਖੰਡ ਮੁਕਤੀ ਮੋਰਚਾ 33 'ਤੇ, ਕਾਂਗਰਸ 17 'ਤੇ ਅਤੇ ਰਾਸ਼ਟਰੀ ਜਨਤਾ ਦਲ 5 ਸੀਟਾਂ 'ਤੇ ਅੱਗੇ ਹੈ। ਦੂਜੇ ਪਾਸੇ, ਭਾਰਤੀ ਜਨਤਾ ਪਾਰਟੀ 21 ਸੀਟਾਂ 'ਤੇ, ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਅਤੇ ਜੇਐਲਕੇਐਮ ਇਕ-ਇਕ ਸੀਟ 'ਤੇ ਅੱਗੇ ਹਨ। ਇਸ ਤੋਂ ਇਲਾਵਾ ਸੀਪੀਆਈਐਮਐਲ ਦੋ 'ਤੇ ਅਤੇ ਆਜ਼ਾਦ ਉਮੀਦਵਾਰ ਇਕ 'ਤੇ ਅੱਗੇ ਹਨ।

ਮਹਾਰਾਸ਼ਟਰ ਦੀਆਂ 288 ਸੀਟਾਂ 'ਚੋਂ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰ ਰਹੀ ਹੈ। ਭਾਜਪਾ 130 ਸੀਟਾਂ 'ਤੇ ਅੱਗੇ ਹਨ, ਸ਼ਿਵ ਸੈਨਾ 52 ਅਤੇ ਐਨਸੀਪੀ 38 ਸੀਟਾਂ 'ਤੇ ਅੱਗੇ ਹੈ। ਦੂਜੇ ਪਾਸੇ ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) 19 ਸੀਟਾਂ 'ਤੇ, ਕਾਂਗਰਸ 20 ਸੀਟਾਂ 'ਤੇ ਅਤੇ ਐਨਸੀਪੀ (ਸ਼ਰਦਚੰਦਰ ਪਵਾਰ) 10 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਐਮਆਈਐਮਆਈਐਮ ਨੂੰ 2 ਸੀਟਾਂ 'ਤੇ, ਸਮਾਜਵਾਦੀ ਪਾਰਟੀ ਨੂੰ 2 ਸੀਟਾਂ 'ਤੇ ਲੀਡ ਹੈ। ਇਸ ਤੋਂ ਇਲਾਵਾ ਹੋਰ ਪਾਰਟੀਆਂ 5 ਸੀਟਾਂ 'ਤੇ ਅਤੇ ਆਜ਼ਾਦ ਉਮੀਦਵਾਰ 2 ਸੀਟਾਂ 'ਤੇ ਅੱਗੇ ਚੱਲ ਰਹੇ ਹਨ।

ਲੋਕ ਸਭਾ ਦੀਆਂ ਵਾਇਨਾਡ ਅਤੇ ਨਾਂਦੇੜ ਸੀਟਾਂ 'ਤੇ ਹੋਈਆਂ ਉਪ ਚੋਣਾਂ 'ਚ ਕੇਰਲ ਦੀ ਵਾਇਨਾਡ ਸੀਟ 'ਤੇ ਪ੍ਰਿਅੰਕਾ ਗਾਂਧੀ ਵਾਡਰਾ (ਕਾਂਗਰਸ) ਅਤੇ ਮਹਾਰਾਸ਼ਟਰ ਦੀ ਨਾਂਦੇੜ ਸੀਟ 'ਤੇ ਡਾ. ਸੰਤੁਕਰਾਓ ਮਾਰੋਤਰਾਓ ਹੰਬਰਡੇ (ਭਾਜਪਾ) ਅੱਗੇ ਚੱਲ ਰਹੇ ਹਨ।

ਦੇਸ਼ ਭਰ ਦੀਆਂ 48 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ 'ਚ ਅਸਾਮ ਦੀਆਂ 5 ਸੀਟਾਂ 'ਚੋਂ ਭਾਰਤੀ ਜਨਤਾ ਪਾਰਟੀ ਦੋ 'ਤੇ, ਅਸਾਮ ਗਣ ਪ੍ਰੀਸ਼ਦ ਇਕ 'ਤੇ, ਯੂਪੀਪੀ ਲਿਬਰਲ ਇਕ 'ਤੇ ਅਤੇ ਕਾਂਗਰਸ ਇਕ 'ਤੇ ਅੱਗੇ ਹੈ।

ਬਿਹਾਰ ਦੀਆਂ ਚਾਰ ਸੀਟਾਂ ਵਿੱਚੋਂ ਭਾਰਤੀ ਜਨਤਾ ਪਾਰਟੀ ਨੇ ਦੋ ਅਤੇ ਸਹਿਯੋਗੀ ਜਨਤਾ ਦਲ (ਯੂ) ਅਤੇ ਹਿੰਦੁਸਤਾਨੀ ਅਵਾਮ ਮੋਰਚਾ (ਸੈਕੂਲਰ) ਨੇ ਦੋ ਸੀਟਾਂ ਜਿੱਤੀਆਂ ਹਨ।

ਛੱਤੀਸਗੜ੍ਹ ਦੇ ਰਾਏਪੁਰ ਸ਼ਹਿਰ ਦੱਖਣ ਇੱਕ ਸੀਟ ’ਤੇ ਭਾਰਤੀ ਜਨਤਾ ਪਾਰਟੀ ਅਤੇ ਗੁਜਰਾਤ ਦੀ ਵਾਵ ਸੀਟ ਉੱਤੇ ਵੀ ਭਾਜਪਾ ਅੱਗੇ ਹੈ।

ਕਰਨਾਟਕ ਦੀਆਂ ਤਿੰਨੋਂ ਸੀਟਾਂ ਕਾਂਗਰਸ ਨੇ ਜਿੱਤ ਲਈਆਂ ਹਨ। ਕੇਰਲ ਦੀਆਂ ਦੋ ਸੀਟਾਂ 'ਚੋਂ ਇਕ 'ਤੇ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ ਅਤੇ ਸੀਪੀਐੱਮ ਇਕ 'ਤੇ ਅੱਗੇ ਹੈ।

ਮੱਧ ਪ੍ਰਦੇਸ਼ ਦੀਆਂ ਦੋ ਸੀਟਾਂ 'ਚੋਂ ਇਕ 'ਤੇ ਭਾਜਪਾ ਅਤੇ ਇਕ 'ਤੇ ਕਾਂਗਰਸ ਅੱਗੇ ਹੈ।

ਮੇਘਾਲਿਆ ਵਿੱਚ ਇੱਕ ਸੀਟ ਐਨਪੀਪੀ ਪਾਰਟੀ ਦੇ ਖਾਤੇ ਗਈ ਹੈ।

ਪੰਜਾਬ ਦੀ ਬਰਨਾਲਾ ਸੀਟ ਕਾਂਗਰਸ ਨੇ ਜਿੱਤੀ ਹੈ ਅਤੇ ਬਾਕੀ ਤਿੰਨ ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਹਨ।

ਰਾਜਸਥਾਨ ਦੀਆਂ 7 ਸੀਟਾਂ 'ਚੋਂ ਭਾਰਤੀ ਜਨਤਾ ਪਾਰਟੀ ਪੰਜ 'ਤੇ, ਕਾਂਗਰਸ ਇਕ 'ਤੇ ਅਤੇ ਭਾਰਤ ਆਦਿਵਾਸੀ ਪਾਰਟੀ ਇਕ 'ਤੇ ਅੱਗੇ ਹੈ।

ਸਿੱਕਮ ਦੀਆਂ ਦੋ ਸੀਟਾਂ 'ਤੇ ਪਹਿਲਾਂ ਹੀ ਨਿਰਵਿਰੋਧ ਚੋਣਾਂ ਹੋ ਚੁੱਕੀਆਂ ਹਨ। ਉਥੋਂ ਦੀਆਂ ਦੋਵੇਂ ਸੀਟਾਂ ਸਿੱਕਮ ਕ੍ਰਾਂਤੀਕਾਰੀ ਮੋਰਚਾ ਕੋਲ ਗਈਆਂ ਹਨ।

ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੀਆਂ 9 ਸੀਟਾਂ 'ਚੋਂ ਭਾਰਤੀ ਜਨਤਾ ਪਾਰਟੀ 6 ਸੀਟਾਂ 'ਤੇ, ਰਾਸ਼ਟਰੀ ਲੋਕ ਦਲ ਇਕ ਸੀਟ 'ਤੇ ਅਤੇ ਸਮਾਜਵਾਦੀ ਪਾਰਟੀ 2 ਸੀਟਾਂ 'ਤੇ ਅੱਗੇ ਹੈ।

ਉਤਰਾਖੰਡ ਦੀ ਇਕਲੌਤੀ ਸੀਟ ਕੇਦਾਰਨਾਥ ਭਾਰਤੀ ਜਨਤਾ ਪਾਰਟੀ ਦੇ ਖਾਤੇ ਗਈ ਹੈ।

ਪੱਛਮੀ ਬੰਗਾਲ 'ਚ ਹੋਈਆਂ 6 ਉਪ ਚੋਣਾਂ 'ਚੋਂ ਤ੍ਰਿਣਮੂਲ ਨੇ ਚਾਰ 'ਚ ਜਿੱਤ ਦਰਜ ਕੀਤੀ ਹੈ ਅਤੇ ਦੋ 'ਤੇ ਅੱਗੇ ਚੱਲ ਰਹੀ ਹੈ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande