
ਮੋਗਾ, 2 ਨਵੰਬਰ (ਹਿੰ. ਸ.)। ਪੰਜਾਬ ਦੀਆਂ ਲੜਕੀਆਂ ਨੂੰ ਰਾਸ਼ਟਰੀ ਸੁਰੱਖਿਆ ਅਕੈਡਮੀ (ਐਨ.ਡੀ.ਏ.) ਦਾ ਹਿੱਸਾ ਬਣਾਉਣ ਲਈ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਮੋਹਾਲੀ ਵਰਦਾਨ ਸਾਬਿਤ ਹੋ ਰਿਹਾ ਹੈ। ਇਸ ਇੰਸਟੀਚਿਊਟ ਦੇ ਐਨ.ਡੀ.ਏ. ਪ੍ਰੈਪਰੇਟਰੀ ਵਿੰਗ ਵਿੱਚ ਚੌਥੇ ਬੈਚ ਦੇ ਦਾਖਲੇ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਚਾਹਵਾਨ ਲੜਕੀਆਂ 24 ਦਸੰਬਰ, 2025 ਤੱਕ ਆਨਲਾਈਨ http://recruitment-portal.in ਜਾਂ http://mbafpigirls.in ਤੇ ਅਪਲਾਈ ਕਰ ਸਕਦੀਆਂ ਹਨ। ਲਿੰਕ 24 ਦਸੰਬਰ 2025 ਸ਼ਾਮ 6 ਵਜੇ ਤੱਕ ਖੁੱਲਾ ਰਹੇਗਾ। ਇਹ ਦਾਖਲਾ ਪ੍ਰੀਖਿਆ 11 ਜਨਵਰੀ, 2026 ਨੂੰ ਆਯੋਜਿਤ ਕਰਵਾਈ ਜਾ ਰਹੀ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਦੱਸਿਆ ਕਿ ਇਸ ਸੰਸਥਾ ਦੁਆਰਾ ਵਿਦਿਆਰਥਣਾਂ ਨੂੰ ਐਨ.ਡੀ.ਏ./ਡਿਫੈਂਸ ਸਰਵਿਸ਼ਜ ਦੇ ਦਾਖਲੇ ਲਈ ਲਿਖਤੀ ਅਤੇ ਸਰੀਰਿਕ ਟੈਸਟ ਦੀ ਮੁਫਤ ਤਿਆਰੀ ਕਰਵਾਈ ਜਾਂਦੀ ਹੈ। ਇਸ ਸੰਸਥਾ ਵਿੱਚ ਰਹਿਣ, ਖਾਣ-ਪੀਣ ਅਤੇ ਟ੍ਰੇਨਿੰਗ ਦਾ ਵਿਦਿਆਰਥਣਾਂ ਤੋਂ ਕੋਈ ਵੀ ਖਰਚਾ ਨਹੀਂ ਲਿਆ ਜਾਂਦਾ। ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ ਵਿੱਚ 10ਵੀਂ ਜਮਾਤ ਵਿੱਚ ਪੜ੍ਹ ਰਹੀਆਂ ਉਹ ਲੜਕੀਆਂ ਹੀ ਭਾਗ ਲੈ ਸਕਦੀਆਂ ਹਨ, ਜਿੰਨ੍ਹਾਂ ਦਾ ਜਨਮ ਮਿਤੀ 02 ਜਨਵਰੀ 2009 ਤੋਂ ਪਹਿਲਾਂ ਦਾ ਨਾ ਹੋਵੇ ਅਤੇ ਉਹ ਪੰਜਾਬ ਦੀਆਂ ਵਸਨੀਕ ਹੋਣ। ਇਸ ਤੋਂ ਇਲਾਵਾ ਵਿਦਿਆਰਥਣਾਂ ਨੂੰ ਚੰਗੇ ਸਿੱਖਿਆ ਪੱਧਰ ਦੇ ਸਕੂਲਾਂ ਵਿੱਚੋਂ 11ਵੀਂ ਅਤੇ 12ਵੀਂ ਦੀ ਪੜ੍ਹਾਈ ਵੀ ਕਰਵਾਈ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਈ ਭਾਗੋ ਅਰਮਡਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰਮ ਗਰਲਜ਼ ਮੋਹਾਲੀ ਇੱਕ ਉੱਚ ਪੱਧਰੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਹੈ, ਜੋ ਕਿ ਐਨ.ਡੀ.ਏ./ਡਿਫੈਂਸ ਸਰਵਿਸ਼ਜ ਵਿੱਚ ਭਰਤੀ ਹੋਣ ਦੇ ਚਾਹਵਾਨ ਸਿਖਿਆਰਥੀਆਂ ਦੇ ਸੁਪਨੇ ਸਾਕਾਰ ਕਰਦੀ ਹੈ। ਜੋ ਪ੍ਰਾਰਥੀ ਚੰਗੇ ਪੱਧਰ ਦੀ ਨੌਕਰੀ ਹਾਸਿਲ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਇਸ ਸੰਸਥਾ ਦੇ ਦਾਖਲੇ ਲਈ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ।
ਸਾਗਰ ਸੇਤੀਆ ਨੇ ਮੋਗਾ ਦੀਆਂ ਵੱਧ ਤੋਂ ਵੱਧ ਯੋਗ ਵਿਦਿਆਰਥਣਾਂ ਨੂੰ ਇਸ ਮੌਕੇ ਦਾ ਲਾਹਾ ਲੈਣ ਦੀ ਅਪੀਲ ਕੀਤੀ। ਉਹਨਾਂ ਦੱਸਿਆ ਕਿ ਵਧੇਰੇ ਜਾਣਕਾਰੀ ਅਤੇ ਸੂਚਨਾ ਲਈ www.mbafpigirls.in ਤੇ ਜਾਂ 98725-97267, 62392-66860 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ