ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ 11 ਪਿੰਡਾਂ ਨੂੰ 3.50 ਕਰੋੜ ਰੁਪਏ ਦੇ ਵਿਕਾਸ ਚੈੱਕਾਂ ਦੀ ਵੰਡ
ਦਿੜ੍ਹਬਾ, 2 ਨਵੰਬਰ (ਹਿੰ. ਸ.)। ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ 11 ਪਿੰਡਾਂ ਦਾ ਦੌਰਾ ਕੀਤਾ ਅਤੇ ਵੱਖ ਵੱਖ ਵਿਕਾਸ ਕਾਰਜਾਂ ਲਈ 3.50 ਕਰੋੜ ਰੁਪਏ ਦੇ ਵਿਕਾਸ ਚੈੱਕ ਵੰਡੇ। ਇਸ ਮੌਕੇ ਉਹਨਾਂ ਨਾਲ ਤਪਿੰਦਰ ਸਿੰਘ ਸੋਹੀ ਓ ਐਸ ਡੀ, ਕਈ ਪ੍ਰਮੁੱਖ ਸਖਸ਼
.


ਦਿੜ੍ਹਬਾ, 2 ਨਵੰਬਰ (ਹਿੰ. ਸ.)। ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ 11 ਪਿੰਡਾਂ ਦਾ ਦੌਰਾ ਕੀਤਾ ਅਤੇ ਵੱਖ ਵੱਖ ਵਿਕਾਸ ਕਾਰਜਾਂ ਲਈ 3.50 ਕਰੋੜ ਰੁਪਏ ਦੇ ਵਿਕਾਸ ਚੈੱਕ ਵੰਡੇ। ਇਸ ਮੌਕੇ ਉਹਨਾਂ ਨਾਲ ਤਪਿੰਦਰ ਸਿੰਘ ਸੋਹੀ ਓ ਐਸ ਡੀ, ਕਈ ਪ੍ਰਮੁੱਖ ਸਖਸ਼ੀਅਤਾਂ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

ਇਸ ਮੌਕੇ ਵੱਖ ਵੱਖ ਪਿੰਡਾਂ ਵਿੱਚ ਰੱਖੇ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਪਿੰਡ ਕਾਹਨਗੜ੍ਹ, ਗੁੱਜਰਾਂ, ਖਨਾਲ ਖ਼ੁਰਦ, ਸਫੀਪੁਰ ਕਲਾਂ, ਸਮੂਰਾਂ, ਧਰਮਗੜ੍ਹ ਛੰਨਾ, ਕਮਾਲਪੁਰ, ਮੁਨਸ਼ੀਵਾਲਾ, ਲਾਡਬੰਜਾਰਾ ਕਲਾਂ ਅਤੇ ਹਰੀਗੜ੍ਹ ਨੂੰ 3.50 ਕਰੋੜ ਰੁਪਏ ਦੇ ਚੈੱਕ ਵੰਡੇ ਗਏ ਹਨ। ਇਹਨਾਂ ਸਾਰੇ ਪਿੰਡਾਂ ਵਿੱਚ ਕੈਬਨਿਟ ਮੰਤਰੀ ਨੇ ਖੁਦ ਜਾ ਕੇ ਚੈੱਕ ਵੰਡੇ। ਇਸ ਰਾਸ਼ੀ ਨਾਲ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਗਲੀਆਂ, ਨਾਲੀਆਂ, ਕੈਮਰੇ, ਲਾਈਟਾਂ ਅਤੇ ਸ਼ੈੱਡ ਬਣਵਾਉਣ ਦੇ ਕੰਮ ਕਰਵਾਏ ਜਾਣਗੇ। ਉਹਨਾਂ ਕਿਹਾ ਕਿ ਇਹ ਸਾਰੇ ਵਿਕਾਸ ਕਾਰਜ ਤੈਅ ਸਮਾਂ ਸੀਮਾ ਵਿੱਚ ਜਲਦ ਤੋਂ ਜਲਦ ਮੁਕੰਮਲ ਕਰਵਾਏ ਜਾਣਗੇ ਤਾਂ ਜੋ ਲੋਕ ਇਹਨਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ।

ਉਹਨਾਂ ਕਿਹਾ ਕਿ ਹਲਕਾ ਦਿੜ੍ਹਬਾ ਦੇ ਲੋਕਾਂ ਨੇ ਉਹਨਾਂ ਨੂੰ ਬਹੁਤ ਹੀ ਸ਼ਾਨਦਾਰ ਜਿੱਤ ਦਿਵਾ ਕੇ ਵਿਧਾਨ ਸਭਾ ਵਿੱਚ ਭੇਜਿਆ ਸੀ, ਉਹਨਾਂ ਦੀ ਬਦੌਲਤ ਹੀ ਉਹ ਅੱਜ ਸਭ ਤੋਂ ਅਹਿਮ ਵਿੱਤ ਵਿਭਾਗ ਦੇ ਕੈਬਨਿਟ ਮੰਤਰੀ ਹਨ। ਲੋਕਾਂ ਦੇ ਇਸ ਅਹਿਸਾਨ ਦਾ ਉਹ ਕਦੇ ਮੁੱਲ ਨਹੀਂ ਮੋੜ ਸਕਦੇ। ਉਹਨਾਂ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਹਰੇਕ ਦੁੱਖ ਸੁੱਖ ਵਿੱਚ ਨਿੱਜੀ ਤੌਰ ਉੱਤੇ ਸ਼ਰੀਕ ਹੋਣ ਦੇ ਨਾਲ ਨਾਲ ਵਿਕਾਸ ਕਾਰਜਾਂ ਦੇ ਚੈੱਕ ਵੀ ਪਿੰਡ ਵਾਸੀਆਂ ਨੂੰ ਉਹਨਾਂ ਦੇ ਪਿੰਡ ਜਾ ਕੇ ਦਿਤੇ ਜਾਣ।

ਉਹਨਾਂ ਕਿਹਾ ਕਿ ਅਗਲੇ ਇੱਕ ਸਾਲ ਵਿੱਚ ਹਲਕਾ ਦਿੜ੍ਹਬਾ ਵਿੱਚ ਬਕਾਇਆ ਵਿਕਾਸ ਕੰਮਾਂ ਨੂੰ ਪਹਿਲ ਦੇ ਅਧਾਰ ਉੱਤੇ ਨਿਪਟਾਉਣ ਦਾ ਟੀਚਾ ਹੈ। ਉਹਨਾਂ ਪਿੰਡ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਦਿੱਤੇ ਪੈਸੇ ਨੂੰ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਖਰਚਣ, ਕਿਉਂਕਿ ਇਸ ਨਾਲ ਲੋਕ ਤੁਹਾਨੂੰ ਜਿੱਥੇ ਮਾਣ ਸਤਿਕਾਰ ਦੇਣਗੇ ਉਥੇ ਹੀ ਉਹ ਤੁਹਾਨੂੰ ਪਿਆਰ ਵੀ ਕਰਨਗੇ। ਉਹਨਾਂ ਭਰੋਸਾ ਦਿੱਤਾ ਕਿ ਦਿੜ੍ਹਬਾ ਹਲਕੇ ਦੀਆਂ ਰਹਿੰਦੀਆਂ ਸੜਕਾਂ ਦਾ ਕੰਮ ਮਾਰਚ 2026 ਤੱਕ ਮੁਕੰਮਲ ਕਰਵਾ ਲਿਆ ਜਾਵੇਗਾ।

ਪੱਤਰਕਾਰਾਂ ਵੱਲੋਂ ਪੁੱਛੇ ਜਾਣ ਉੱਤੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਪੁਖ਼ਤਾ ਪ੍ਰਬੰਧਾਂ ਦੇ ਚੱਲਦਿਆਂ ਕਿਸਾਨਾਂ ਨੂੰ ਮੰਡੀਆਂ ਵਿੱਚ ਝੋਨਾ ਵੇਚਣ ਲਈ ਕੋਈ ਸਮੱਸਿਆ ਨਹੀਂ ਪੇਸ਼ ਆ ਰਹੀ ਹੈ। ਫਸਲ ਦੀ ਲਿਫਟਿੰਗ ਅਤੇ ਅਦਾਇਗੀ ਵੀ ਨਾਲੋਂ ਨਾਲ ਹੋ ਰਹੀ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਸਾਹਿਬਾਨ ਦਾ ਸੰਦੇਸ਼ ਮੰਨਣ ਅਤੇ ਰਹਿੰਦ ਖੂਹੰਦ ਨੂੰ ਅੱਗ ਨਾ ਲਾਉਣ। ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਹਈਆ ਕਰਵਾਈ ਖੇਤੀ ਮਸ਼ੀਨਰੀ ਦੀ ਵਰਤੋਂ ਕਰਨੀ ਚਾਹੀਦੀ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande