
ਗੁਰਦਾਸਪੁਰ, 7 ਦਸੰਬਰ (ਹਿੰ. ਸ.)। ਗੁਰਦਾਸਪੁਰ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਪਿੱਛੋਂ ਜ਼ਿਲ੍ਹਾ ਪ੍ਰੀਸ਼ਦ ਲਈ 73 ਤੇ ਬਲਾਕ ਸੰਮਤੀਆਂ ਲਈ 494 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਜਿਲ੍ਹਾ ਪ੍ਰੀਸ਼ਦ ਦੇ 25 ਜ਼ੋਨਾਂ ਲਈ 73 ਉਮੀਦਵਾਰ ਮੈਦਾਨ ਵਿੱਚ ਹਨ ਜਦਕਿ 11 ਬਲਾਕ ਸੰਮਤੀਆਂ ਦੇ 204 ਜ਼ੋਨਾਂ ਲਈ 494 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ ।
ਉਨ੍ਹਾਂ ਦੱਸਿਆ ਕਿ ਬਲਾਕ ਸੰਮਤੀ ਦੀਨਾਨਗਰ ਵਿਖੇ 70, ਦੋਰਾਂਗਲਾ ਲਈ 51, ਗੁਰਦਾਸਪੁਰ ਲਈ 28 , ਧਾਰੀਵਾਲ ਲਈ 35, ਕਾਦੀਆਂ ਲਈ 47 , ਫਤਿਹਗੜ੍ਹ ਚੂੜੀਆਂ ਲਈ 83, ਡੇਰਾ ਬਾਬਾ ਨਾਨਕ ਲਈ 29, ਕਾਹਨੂੰਵਾਨ 39, ਸ੍ਰੀ ਹਰਗੋਬਿੰਦਪੁਰ ਸਾਹਿਬ 51, ਬਟਾਲਾ ਲਈ 45 ਤੇ ਕਲਾਨੌਰ ਵਿੱਚ 16 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਦੱਸਣਯੋਗ ਹੈ ਕਿ ਨਾਮਜ਼ਦਗੀ ਵਾਪਸ ਲੈਣ ਸਮੇਂ ਜ਼ਿਲ੍ਹਾ ਪ੍ਰੀਸ਼ਦ ਲਈ 38 ਤੇ ਬਲਾਕ ਸੰਮਤੀਆਂ ਲਈ 184 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਗਏੇ। ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਚੋਣ ਮਿਤੀ 14.12.2025 (ਐਤਵਾਰ) ਨੂੰ ਸਵੇਰੇ 08:00 ਵਜੇ ਤੋਂ ਸ਼ਾਮ ਦੇ 04:00 ਵਜੇ ਤੱਕ ਬੈਲਟ ਪੇਪਰਾਂ ਦੀ ਵਰਤੋਂ ਨਾਲ ਹੋਵੇਗੀ। ਪੋਲ ਹੋਈਆਂ ਵੋਟਾਂ ਦੀ ਗਿਣਤੀ ਮਿਤੀ 17.12.2025 (ਬੁੱਧਵਾਰ) ਨੂੰ ਇਸ ਮੰਤਵ ਲਈ ਸਥਾਪਿਤ ਕੀਤੇ ਗਏ ਗਿਣਤੀ ਕੇਂਦਰਾਂ `ਤੇ ਹੋਵੇਗੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ