
ਫਤਿਹਗੜ੍ਹ ਸਾਹਿਬ, 7 ਦਸੰਬਰ (ਹਿੰ. ਸ.)। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਉਨ੍ਹਾਂ ਨਾਲ ਸ਼ਹੀਦ ਅਨਿੰਨ ਗੁਰਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਹੇਠ ਬੁੰਗਾ ਗੋਬਿੰਦ ਧਾਮ, ਗੋਬਿੰਦ ਨਗਰ, ਪਿਹੋਵਾ ਵਿਖੇ ਗੁਰਮਤਿ ਸਮਾਗਮ ਹੋਇਆ ਜਿਸ ਵਿੱਚ ਸਿੰਘ ਸਾਹਿਬਾਨ, ਸ੍ਰੀ ਹਰਿਮੰਦਰ ਸਾਹਿਬ ਦੇ ਕੀਰਤਨੀਏ, ਸੰਤ ਮਹਾਪੁਰਸ਼, ਨਿਹੰਗ ਸਿੰਘ ਦਲ ਪੰਥ ਹਾਜ਼ਰੀ ਭਰੀ।
ਇਸ ਸਮੇਂ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਦੇ ਮੌਜੂਦਾ ਸਮੇਂ ਵਿੱਚ ਪੰਥਕ ਏਕਤਾ ਅਤੇ ਮਜ਼ਬੂਤ ਸਿੱਖ ਸ਼ਕਤੀ ਦੀ ਸਖ਼ਤ ਲੋੜ ਹੈ। ਸਭ ਧਿਰਾਂ ਦਵੈਤ ਦਵੰਦ ਤਿਆਗ ਕੇ ਇਕੱਤਰ ਹੋ ਕੇ ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਅਤੇ ਉਨ੍ਹਾਂ ਦੇ ਅਨਿਨ ਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀ ਸ਼ਹੀਦੀ ਸ਼ਤਾਬਦੀ ਮਨਾ ਰਹੀਆਂ ਹਾਂ ਅਤੇ 23 ਤੋਂ 25 ਤੱਕ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਗੁ: ਗੁਰੂ ਕਾ ਬਾਗ਼ ਛਾਉਣੀ ਨਿਹੰਗ ਸਿੰਘ ਬੁੱਢਾ ਦਲ ਵਿਖੇ ਹੋਏ। ਉਨ੍ਹਾਂ ਕਿਹਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ 500 ਸਾਲਾ ਸ਼ਤਾਬਦੀ 1969 ਵਿੱਚ ਮਨਾਈ ਗਈ, ਇੱਕ ਸ਼ਾਨਮੱਤਾ ਵੱਡਾ ਵਿੱਦਿਆ ਵਿਦਿਆਲੇ ਦੇ ਰੂਪ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਕ ਆਸਤਿਕ ਬਿੰਬ ਬਣ ਕੇ ਸਾਹਮਣੇ ਆਈ। ਫਿਰ ਅੰਮ੍ਰਿਤਸਰ ਸ਼ਹਿਰ ਦਾ 400 ਸਾਲਾ 1977 ‘ਚ ਮਨਾਇਆ ਗਿਆ ਅਤੇ ਏਵੇਂ ਹੀ ਖਾਲਸੇ ਦੀ ਸਾਜਣਾ ਦੀ ਤੀਸਰੀ ਸ਼ਤਾਬਦੀ 1999 ਵਿੱਚ ਮਨਾਈ ਗਈ ਤਾਂ ਕਈ ਵਿਦਿਅਕ ਅਦਾਰੇ ਤੇ ਵਿਸ਼ੇਸ਼ ਖਾਲਸਾਈ ਯਾਦਗਾਰਾਂ ਬਣ ਕੇ ਸਾਹਮਣੇ ਆਈਆਂ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 300 ਸਾਲਾ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਨੂੰ ਸਮਰਪਿਤ 1977 ਵਿੱਚ ਸ੍ਰੀ ਅਨੰਦਪੁਰ ਸਾਹਿਬ ਤੋਂ ਤਲਵੰਡੀ ਸਾਬੋ ਤੀਕ ਗੁਰੂ ਗੋਬਿੰਦ ਸਿੰਘ ਮਾਰਗ ਬਨਾਇਆ ਗਿਆ, ਉਨ੍ਹਾਂ ਕਿਹਾ ਇਹ ਵੀ ਇੱਕ ਇਤਿਹਾਸਕ ਤੇ ਯਾਦਗਾਰੀ ਫੈਸਲਾ ਸੀ। ਉਨ੍ਹਾਂ ਕਿਹਾ ਅੱਜ ਪੰਥਕ ਕਹਾਉਣ ਵਾਲੇ ਆਗੂਆਂ ਵਿੱਚ ਪੰਥਕ ਸ਼ਕਤੀ ਲਈ ਨਿਮਰਤਾ, ਤਿਆਗ ਦੀ ਭਾਵਨਾ ਹੋਣੀ ਜ਼ਰੂਰੀ ਹੈ ਅਤੇ ਆਪਣੇ ਅੰਦਰੋਂ ਹਾਊਮੇ ਦਾ ਨਾਸ਼ ਹੋਣਾ ਬਹੁਤ ਲਾਜ਼ਮੀ ਹੈ। ਗੁਰਮਤਿ ਵੀ ਇਸ ਦੀ ਸ਼ਾਹਦੀ ਭਰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਜ਼ਾਲਮ ਖਤਮ ਹੋ ਜਾਵੇ ਤਾਂ ਜ਼ਬਰ ਆਪ ਹੀ ਮਰ ਮੁਕ ਜਾਂਦਾ ਹੈ। ਉਨ੍ਹਾਂ ਕਿਹਾ ਸਮੁੱਚੀ ਸਿੱਖ ਕੌਮ ਨੂੰ ਬੁੱਢਾ ਦਲ ਦੇ ਉਨ੍ਹਾਂ ਮੁਖੀਆਂ ਦੇ ਇਤਿਹਾਸ ਤੋਂ ਸੇਧ ਲੈਣੀ ਚਾਹੀਦੀ ਹੈ। ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਪ੍ਰਾਪਤ ਕਰਕੇ ਕੌਮ ਨੂੰ ਸੁਯੋਗ ਅਗਵਾਈ ਦਿੱਤੀ ਉਹੀ ਯਾਦਗਾਰੀ ਲਾਸਾਨੀ ਹੋ ਕੇ ਇਤਿਹਾਸ ਦੀ ਪਾਤਰ ਬਣੀ। ਇਸ ਗੁਰਮਤਿ ਸਮਾਗਮ ਵਿੱਚ ਬੁੱਢਾ ਦਲ ਪਾਸ ਇਤਿਹਾਸਕ ਸ਼ਸਤਰਾਂ ਦੇ ਸੰਗਤਾਂ ਨੂੰ ਦਰਸ਼ਨ ਵੀ ਕਰਵਾਏ ਗਏ ਅਤੇ ਰਾਗੀ, ਢਾਡੀ, ਕਵੀਸ਼ਰ ਜਥਿਆਂ ਨੇ ਗੁਰਬਾਨੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ