
ਲੁਧਿਆਣਾ, 7 ਦਸੰਬਰ (ਹਿੰ. ਸ.)। ਸਥਾਨਕ ਲੱਕੜ ਬਾਜ਼ਾਰ ਚੌਕ ਸਥਿਤ ਮੋਬਾਈਲਾਂ ਦੇ ਸ਼ੋ-ਰੂਮ ਪਾਰਸ ਇਲੈਕਟੋ੍ਰਨਿਕਸ ਵਿਚ ਤੇਜ਼ ਰਫ਼ਤਾਰ ਦੀ ਇਨੋਵਾ ਕਾਰ ਦੁਕਾਨ ਅੰਦਰ ਵੜ ਗਈ, ਜਿਸ ਕਾਰਨ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਜਾਣਕਾਰੀ ਅਨੁਸਾਰ ਘਟਨਾ ਲੱਕੜ ਬਾਜ਼ਾਰ ਨੇੜੇ ਇਕ ਇਨੋਵਾ ਕਾਰ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ ਕਿ ਕਾਰ ਦਾ ਚਾਲਕ ਸੰਤੁਲਨ ਗੁਆ ਬੈਠਾ ਅਤੇ ਉਥੇ ਨੇੜੇ ਸਥਿਤ ਉਕਤ ਸ਼ੋਰੂਮ ਵਿਚ ਜਾ ਵੜੀ|
ਕਾਰ ਦੀ ਰਫ਼ਤਾਰ ਇੰਨੀ ਜ਼ਿਆਦਾ ਤੇਜ਼ ਸੀ ਕਿ ਕਾਰ ਨੇ ਪਹਿਲਾਂ ਦੁਕਾਨ ਦਾ ਸ਼ਟਰ ਤੋੜਿਆ ਅਤੇ ਉਸ ਤੋਂ ਬਾਅਦ ਉੱਥੇ ਲੱਗੇ ਸ਼ੀਸ਼ੇ ਦੇ ਦਰਵਾਜ਼ੇ ਨੂੰ ਵੀ ਤੋੜ ਦਿੱਤਾ | ਸ਼ੀਸ਼ੇ ਦੇ ਦਰਵਾਜ਼ੇ ਤੋੜਨ ਤੋਂ ਬਾਅਦ ਕਾਰ ਦੁਕਾਨ ਦੇ ਅੰਦਰ ਚਲੀ ਗਈ, ਜਿਸ 'ਤੇ ਉਥੇ ਪਏ ਮੋਬਾਈਲ ਵੀ ਟੁੱਟ ਗਏ | ਸੂਚਨਾ ਮਿਲਦੇ ਦੁਕਾਨ ਦਾ ਮਾਲਕ ਰਾਜਕੁਮਾਰ ਮੌਕੇ 'ਤੇ ਪਹੁੰਚਿਆ | ਉਸ ਨੇ ਦੱਸਿਆ ਕਿ ਇਸ ਨਾਲ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ | ਇਹ ਘਟਨਾ ਉੱਥੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ, ਜਿਸ ਆਧਾਰ 'ਤੇ ਪੁਲਿਸ ਵਲੋਂ ਕਾਰ ਚਾਲਕ ਦਾ ਪਤਾ ਲਗਾਇਆ ਜਾ ਰਿਹਾ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਹਾਦਸੇ ਤੋਂ ਬਾਅਦ ਕਾਰ ਚਾਲਕ ਕਾਰ ਸਮੇਤ ਫ਼ਰਾਰ ਹੋ ਗਿਆ |
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ