क्षेत्रीय

Blog single photo

ਟਿੱਡੀ ਦਲ ਦੇ ਹਮਲੇ ਤੋਂ ਰੋਕਥਾਮ ਸਬੰਧੀ ਮੌਕ ਡਰਿੱਲ ਕੀਤੀ

30/06/2020

ਸੰਗਰੂਰ, 30 ਜੂਨ ( ਹਿ ਸ ):  ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ  ਰਾਮਵੀਰ ਦੀ ਅਗਵਾਈ ਹੇਠ ਟਿੱਡੀ ਦਲ ਦੀ ਰੋਕਥਾਮ ਸਬੰਧੀ ਤਿਆਰੀ ਦਾ ਜਾਇਜ਼ਾ ਲੈਣ ਲਈ ਮੌਕ ਡਰਿੱਲਾਂ ਦੀ ਲੜੀ ਤਹਿਤ ਜ਼ਿਲ੍ਹਾ ਸੰਗਰੂਰ ਦੇ ਪਿੰਡ ਰਣੀਕੇ ਵਿਖੇ ਮੌਕ ਡਰਿੱਲ ਕੀਤੀ ਗਈ।ਮੌਕ ਡਰਿੱਲ ਸਬੰਧੀ ਉਲੀਕੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਵੱਖ—ਵੱਖ ਵਿਭਾਗਾਂ ਦੀ ਸ਼ਮੂਲੀਅਤ ਨਾਲ ਜ਼ਿ੍ਹਲਾ ਸੰਗਰੂਰ ਅੰਦਰ ਟਿੱਡੀ ਦਲ ਦੇ ਹਮਲੇ ਦੀ ਸੂਰਤ ਵਿੱਚ ਇਸ ਦੀ ਰੋਕਥਾਮ ਲਈ ਇੱਕ ਮਜ਼ਬੂਤ ਟੀਮ ਦਾ ਗਠਨ ਕੀਤਾ ਗਿਆ ਹੈ ਅਤੇ ਇਸ ਦੇ ਟਾਕਰੇ ਲਈ ਮੁਕੰਮਲ ਤਿਆਰੀ ਕੀਤੀ ਜਾ ਚੁੱਕੀ ਹੈ। ਇਸ ਮੌਕੇ ਕਿਹਾ ਕਿ ਖੇਤੀਬਾੜੀ, ਬਾਗਬਾਨੀ ਅਤੇ ਜੰਗਲਾਤ ਵਿਭਾਗਾਂ ਤੋਂ ਇਲਾਵਾ ਰੈਵੇਨਿਊ, ਸਹਿਕਾਰਤਾ, ਪੰਜਾਬ ਪੁਲੀਸ, ਮੰਡੀ ਬੋਰਡ, ਬਿਜਲੀ ਆਦਿ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਮੁਹਿੰਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਟਿੱਡੀ ਦਲ ਸ਼ਾਮ ਵੇਲੇ ਖੇਤਾਂ ਵਿੱਚ ਉੱਚੇ ਦਰਖਤਾਂ ਤੇ ਬੈਠ ਜਾਂਦਾ ਹੈ ਇਸ ਲਈ ਉੱਚੇ ਦਰਖਤਾਂ ਉਤੇ ਸਪਰੇ ਯਕੀਨੀ ਬਣਾਉਣ ਲਈ ਜ਼ਿਲ੍ਹੇ ਦੀ ਫਾਈਰ ਬ੍ਰਿਗੇਡ ਨੂੰ ਇਸ ਕੰਮ ਲਈ ਵਿਸ਼ੇਸ਼ ਤੌਰ ਤੇ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਮੌਕੇ ਤੇ ਹਾਜ਼ਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਟਿੱਡੀ ਦਲ ਦੇ ਹਮਲੇ ਦੀ ਸੂਰਤ ਵਿੱਚ ਘਬਰਾਉਣ ਦੀ ਜ਼ਰੂਰਤ ਨਹੀਂ ਬਲਕਿ ਪੂਰੀ ਤਿਆਰੀ ਨਾਲ ਇਸ ਦਾ ਟਾਕਰਾ ਕਰਨ ਦੀ ਲੋੜ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵੱਖ—ਵੱਖ ਪਿੰਡਾਂ ਵਿੱਚ ਸਪਰੇ ਪੰਪਾਂ, ਪਾਣੀ ਦੇ ਟੈਂਕਰਾਂ ਬਾਰੇ ਵੇਰਵੇ ਇਕੱਤਰ ਕੀਤੇ ਜਾ ਚੁੱਕੇ ਹਨ ਤਾਂ ਜੋ ਲੋੜ ਪੈਣ ਤੇ ਕਿਸਾਨਾਂ ਪਾਸ ਉਪਲਬਧ ਸਪਰੇ ਪੰਪ ਅਤੇ ਪਾਣੀ ਵਾਲੇ ਟੈਂਕਰਾਂ ਨੂੰ ਇਸ ਮੁਹਿੰਮ ਵਿੱਚ ਖਾਸ ਤੌਰ ਤੇ ਵਰਤਿਆ ਜਾ ਸਕੇ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਲੋੜੀਂਦੇ ਕੀਟਨਾਸ਼ਕ ਜਿਵੇਂ ਕਿ ਕਲੋਰਪਾਈਰੀਫਾਸ, ਡੈਲਟਾ ਮੈਥਰਿਨ ਅਦਿ ਦਵਾਈਆਂ ਦਾ ਲੋੜੀਂਦੀ ਮਾਤਰਾ ਵਿੱਚ ਭੰਡਾਰ ਕੀਤਾ ਜਾ ਚੁੱਕਾ ਹੈ।ਇਸ ਤੋਂ ਇਲਾਵਾ ਜ਼ਿਲ੍ਹਾ ਅਤੇ ਬਲਾਕ ਪੱਧਰ ਤੇ ਇਸ ਮੁਹਿੰਮ ਸਬੰਧੀ ਕੰਮ ਦੀ ਇਕਸੁਰਤਾ ਬਣਾਈ ਰੱਖਣ ਲਈ ਜ਼ਿਲ੍ਹਾ ਅਤੇ ਬਲਾਕ ਪੱਧਰ ਦੀਆਂ ਟੀਮਾਂ ਦੇ ਵਟਸਐਪ ਗਰੁੱਪ ਵੀ ਬਣਾਏ ਗਏ ਹਨ ਅਤੇ ਆਉਂਦੇ ਦਿਨਾਂ ਵਿੱਚ ਜ਼ਿਲ੍ਹੇ ਦੇ ਹੋਰਨਾ ਪਿੰਡਾਂ ਵਿੱਚ ਵੀ ਇਸੇ ਤਰ੍ਹਾਂ ਦੀਆਂ ਮੌਕ ਡਰਿੱਲਾਂ ਕੀਤੀਆਂ ਜਾਣਗੀਆਂ



ਹਿੰਦੁਸਥਾਨ ਸਮਾਚਾਰ / ਗੁਰਤੇਜ ਪਿਆਸਾ / ਨਰਿੰਦਰ ਜੱਗਾ 


 
Top