ਨਵੀਂ ਦਿੱਲੀ, 1 ਅਕਤੂਬਰ (ਹਿੰ.ਸ.)। ਜਨਤਕ ਖੇਤਰ ਦੀਆਂ ਤੇਲ ਅਤੇ ਗੈਸ ਮਾਰਕੀਟਿੰਗ ਕੰਪਨੀਆਂ ਨੇ ਬੁੱਧਵਾਰ ਨੂੰ ਹਵਾਬਾਜ਼ੀ ਈਂਧਨ (ਏ.ਟੀ.ਐਫ.) ਦੀਆਂ ਕੀਮਤਾਂ ਵਿੱਚ ਤਿੰਨ ਫੀਸਦੀ ਤੋਂ ਵੱਧ ਦਾ ਵਾਧਾ ਕੀਤਾ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਵਿਸ਼ਵ ਪੱਧਰੀ ਮਾਪਦੰਡਾਂ ਅਨੁਸਾਰ ਹਵਾਬਾਜ਼ੀ ਈਂਧਨ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਹੈ। ਨਵੀਆਂ ਦਰਾਂ ਬੁੱਧਵਾਰ ਤੋਂ ਲਾਗੂ ਹੋ ਗਈਆਂ ਹਨ।
ਆਈ.ਓ.ਸੀ. ਵੈੱਬਸਾਈਟ ਦੇ ਅਨੁਸਾਰ, ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ਵਿੱਚ ਹਵਾਬਾਜ਼ੀ ਈਂਧਨ (ਏ.ਟੀ.ਐਫ.) ਦੀ ਕੀਮਤ 3,052.5 ਰੁਪਏ ਪ੍ਰਤੀ ਕਿਲੋਲੀਟਰ ਯਾਨੀ 3.3 ਫੀਸਦੀ ਵਧ ਕੇ 93,766.02 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਏ.ਟੀ.ਐਫ. ਦੀ ਕੀਮਤ ਵਿੱਚ ਇਹ ਵਾਧਾ ਪਿਛਲੇ ਮਹੀਨੇ 1.4 ਫੀਸਦੀ ਯਾਨੀ 1,308.41 ਰੁਪਏ ਪ੍ਰਤੀ ਕਿਲੋਲੀਟਰ ਦੀ ਕਟੌਤੀ ਤੋਂ ਬਾਅਦ ਹੋਇਆ ਹੈ।
ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ, ਏ.ਟੀ.ਐਫ. ਦੀ ਕੀਮਤ 84,832.83 ਰੁਪਏ ਪ੍ਰਤੀ ਕਿਲੋਲੀਟਰ ਤੋਂ ਵੱਧ ਕੇ 87,714.39 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਚੇਨਈ ਅਤੇ ਕੋਲਕਾਤਾ ਵਿੱਚ, ਇਹ ਕ੍ਰਮਵਾਰ 96,816.58 ਰੁਪਏ ਅਤੇ 97,302.14 ਰੁਪਏ ਪ੍ਰਤੀ ਕਿਲੋਲੀਟਰ ਤੱਕ ਪਹੁੰਚ ਗਿਆ। ਕੀਮਤਾਂ ਵੈਟ ਵਰਗੇ ਸਥਾਨਕ ਟੈਕਸਾਂ ਦੇ ਆਧਾਰ 'ਤੇ ਸ਼ਹਿਰਾਂ ਵਿੱਚ ਵੱਖ-ਵੱਖ ਹੁੰਦੀਆਂ ਹਨ।ਜਹਾਜ਼ ਈਂਧਨ ਦੀਆਂ ਕੀਮਤਾਂ ਵਿੱਚ ਵਾਧਾ ਵਪਾਰਕ ਏਅਰਲਾਈਨਾਂ 'ਤੇ ਬੋਝ ਵਧਾਏਗਾ, ਕਿਉਂਕਿ ਈਂਧਨ ਉਨ੍ਹਾਂ ਦੀਆਂ ਸੰਚਾਲਨ ਲਾਗਤਾਂ ਦਾ ਲਗਭਗ 40 ਫੀਸਦੀ ਹਿੱਸਾ ਹੈ। ਹਾਲਾਂਕਿ, ਇਸ ਸਬੰਧੀ ਏਅਰਲਾਈਨਾਂ ਤੋਂ ਤੁਰੰਤ ਕੋਈ ਟਿੱਪਣੀ ਨਹੀਂ ਮਿਲ ਸਕੀ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ