ਮੁਹਾਲੀ, 11 ਅਕਤੂਬਰ (ਹਿੰ. ਸ.)। ਚੰਡੀਗੜ੍ਹ ਕਾਲਜ ਆਫ਼ ਟੈਕਨਾਲੋਜੀ (ਸੀਸੀਟੀ), ਸੀ. ਜੀ. ਸੀ. ਲਾਂਡਰਾਂ ਦੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਟ੍ਰੈਫਿਕ ਨਿਯਮਾਂ ਅਤੇ ਸੁਰੱਖਿਆ ਜਾਗਰੂਕਤਾ ਸੰਬੰਧੀ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਦਾ ਉਦੇਸ਼ ਉਨ੍ਹਾਂ ਨੂੰ ਸੜਕ ਸੁਰੱਖਿਆ, ਪੈਦਲ ਚੱਲਣ ਵਾਲੇ ਅਨੁਸ਼ਾਸਨ ਅਤੇ ਜ਼ਿੰਮੇਵਾਰ ਨਾਗਰਿਕਤਾ ਬਾਰੇ ਸੰਵੇਦਨਸ਼ੀਲ ਬਣਾਉਣਾ ਸੀ। ਚੰਡੀਗੜ੍ਹ ਟ੍ਰੈਫਿਕ ਪੁਲਿਸ ਦੀ ਇੱਕ ਸਮਰਪਿਤ ਟੀਮ, ਜਿਸ ਵਿੱਚ ਹੈੱਡ ਕਾਂਸਟੇਬਲ ਜਗਰੂਪ ਸਿੰਘ, ਹੈੱਡ ਕਾਂਸਟੇਬਲ ਅਲਕੇਸ਼, ਸੀਨੀਅਰ ਕਾਂਸਟੇਬਲ ਰਾਜੀਵ, ਕਾਂਸਟੇਬਲ ਪ੍ਰਦੀਪ ਅਤੇ ਕਾਂਸਟੇਬਲ ਪ੍ਰਸ਼ਾਂਤ ਸ਼ਰਮਾ ਸ਼ਾਮਲ ਸਨ, ਨੇ ਇਸ ਸੈਸ਼ਨ ਦਾ ਸੰਚਾਲਨ ਕੀਤਾ। ਇਸ ਪਹਿਲਕਦਮੀ ਬਾਰੇ ਬੋਲਦੇ ਹੋਏ ਡਾ. ਪਲਕੀ ਸਾਹਿਬ ਕੌਰ, ਡਾਇਰੈਕਟਰ ਪ੍ਰਿੰਸੀਪਲ, ਸੀਸੀਟੀ, ਸੀ. ਜੀ. ਸੀ. ਲਾਂਡਰਾਂ ਨੇ ਕਿਹਾ ਕਿ ਸੜਕ ਸੁਰੱਖਿਆ ਸਿਰਫ਼ ਨਿਯਮਾਂ ਦੀ ਪਾਲਣਾ ਕਰਨ ਬਾਰੇ ਨਹੀਂ ਹੈ, ਸਗੋਂ ਮਨੁੱਖੀ ਜੀਵਨ ਦਾ ਸਤਿਕਾਰ ਕਰਨ ਅਤੇ ਨਾਗਰਿਕਾਂ ਵਜੋਂ ਜਵਾਬਦੇਹ ਬਣਨ ਬਾਰੇ ਵੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਜਾਗਰੂਕਤਾ ਸੈਸ਼ਨ ਨੌਜਵਾਨਾਂ, ਸਮਾਜ ਨੂੰ, ਸਾਰਿਆਂ ਲਈ ਸੁਰੱਖਿਅਤ ਬਣਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਸਮਝਣ ਵਿੱਚ ਮਦਦ ਕਰਦੇ ਹਨ। ਪ੍ਰੋਗਰਾਮ ਵਿੱਚ ਹੈਲਮੇਟ, ਸੀਟਬੈਲਟ, ਲੇਨ ਅਨੁਸ਼ਾਸਨ, ਪੈਦਲ ਚੱਲਣ ਵਾਲਿਆਂ ਦੀ ਸੁਰੱਖਿਆ, ਜ਼ੈਬਰਾ ਕਰਾਸਿੰਗ, ਅਤੇ ਤੇਜ਼ ਰਫ਼ਤਾਰ, ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਲਾਪਰਵਾਹੀ ਨਾਲ ਜੁੜੇ ਜੋਖਮਾਂ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਪੇਸ਼ਕਾਰੀਆਂ, ਜਾਗਰੂਕਤਾ ਵੀਡੀਓ ਅਤੇ ਵਿਹਾਰਕ ਪ੍ਰਦਰਸ਼ਨ ਪੇਸ਼ ਕੀਤੇ ਗਏ। ਇਸ ਤੋਂ ਇਲਾਵਾ ਚੰਗੇ ਵਸਨੀਕਾਂ (ਸਮਾਰਿਟਨਜ਼) ਦੀ ਭੂਮਿਕਾ ਅਤੇ ਉਨ੍ਹਾਂ ਦੀ ਕਾਨੂੰਨੀ ਸੁਰੱਖਿਆ ’ਤੇ ਵੀ ਜ਼ੋਰ ਦਿੱਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਵਿਿਦਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਸੁਰੱਖਿਅਤ ਸੜਕਾਂ ਬਣਾਉਣ ਵਿੱਚ ਯੋਗਦਾਨ ਪਾਉਣ ਦਾ ਪ੍ਰਣ ਵੀ ਲਿਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ