ਸਮਾਣਾ, 11 ਅਕਤੂਬਰ (ਹਿੰ. ਸ.)। ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਹਲਕੇ ਦੀਆਂ 16 ਕਿਲੋਮੀਟਰ ਲੰਬਾਈ ਵਾਲੀਆਂ ਤਿੰਨ ਸੜਕਾਂ ਦੇ ਕੰਮਾਂ ਦੀ ਸ਼ੁਰੂਆਤ ਕਰਵਾਈ। 3.94 ਕਰੋੜ ਰੁਪਏ ਦੀ ਲਾਗਤ ਨਾਲ ਸਮਾਣਾ ਹਲਕੇ ਦੇ ਦਰਜਨਾਂ ਪਿੰਡਾਂ ਦੀਆਂ ਸੜਕਾਂ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਕਰਦਿਆਂ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਸ ਗੱਲ ਤੋਂ ਪੂਰੀ ਗੰਭੀਰ ਹੈ ਕਿ ਲੋਕਾਂ ਨੂੰ ਆਵਾਜਾਈ ਲਈ ਬਿਹਤਰ ਸੜਕਾਂ ਪ੍ਰਦਾਨ ਕੀਤੀਆਂ ਜਾਣ।ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ 274.57 ਲੱਖ ਰੁਪਏ ਦੀ ਲਾਗਤ ਨਾਲ ਤਰੈਂ ਤੋਂ ਮੱਦੋ ਮਾਜਰਾ, ਖੇੜੀ ਬਰਨਾ, ਗਾਜੇਵਾਸ, ਮਵੀ ਸਪਾਂ ਤੋਂ ਸਮਾਣਾ ਰੋਡ ਤੱਕ 11.50 ਕਿੱਲੋਮੀਟਰ, 66.20 ਰੁਪਏ ਦੀ ਲਾਗਤ ਨਾਲ ਬਠੋਈ ਕਲਾਂ ਤੋਂ ਮੱਦੋਮਾਜਰਾ 2.95 ਕਿੱਲੋਮੀਟਰ ਅਤੇ 53.50 ਲੱਖ ਰੁਪਏ ਦੀ ਲਾਗਤ ਨਾਲ 2 ਕਿੱਲੋਮੀਟਰ ਡਕਾਲਾ ਕਰਹਾਲੀ ਰੋੜ ਤੋਂ ਬਠੋਈ ਕਲਾਂ ਤੱਕ ਬਨਣ ਵਾਲੀਆਂ ਸੜਕਾਂ ਦੀ ਸ਼ੁਰੂਆਤ ਕਰਵਾਈ।ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਹਾਲਾਂਕਿ ਕੇਂਦਰ ਸਰਕਾਰ ਨੇ ਪੰਜਾਬ ਦੇ 8000 ਕਰੋੜ ਰੁਪਏ ਦੇ ਦਿਹਾਤੀ ਵਿਕਾਸ ਫੰਡ ਰੋਕੇ ਹੋਏ ਹਨ ਪਰ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਪਿੰਡਾਂ ਦੀਆਂ ਸੜਕਾਂ ਬਣਾਉਣ ਲਈ ਵਿਸ਼ੇਸ਼ ਫੰਡ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਦੀਆਂ ਸੜਕਾਂ ਦੀ ਪਿਛਲੀਆਂ ਸਰਕਾਰਾਂ ਨੇ ਵੀ ਕਦੇ ਸਾਰ ਨਹੀਂ ਲਈ ਪਰੰਤੂ ਹੁਣ ਸਾਰੀਆਂ ਸੜਕਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ