ਮੋਹਾਲੀ, 11 ਅਕਤੂਬਰ (ਹਿੰ. ਸ.)। ਮੋਹਾਲੀ ਹਲਕੇ ਵਿੱਚ ਰਾਹੁਲ ਗਾਂਧੀ ਵੱਲੋਂ ਚਲਾਈ ਗਈ ਵੋਟ ਚੋਰ ਗੱਦੀ ਛੋੜ ਕੈਂਪੇਨ ਨੂੰ ਜਬਰਦਸਤ ਸਮਰਥਨ ਮਿਲ ਰਿਹਾ ਹੈ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਮੋਹਾਲੀ ਦੀ ਟੀਮ ਵੱਲੋਂ ਪਿੰਡ ਪਿੰਡ ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਫਾਰਮ ਭਰ ਕੇ ਆਪਣਾ ਸਮਰਥਨ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਰਾਸ਼ਟਰੀ ਪੱਧਰ ‘ਤੇ ਰਾਹੁਲ ਗਾਂਧੀ ਵੱਲੋਂ ਚਲਾਈ ਗਈ ਮੁਹਿੰਮ ਨੇ ਲੋਕਾਂ ਵਿੱਚ ਕੇਂਦਰ ਸਰਕਾਰ ਤੇ ਇਲੈਕਸ਼ਨ ਕਮਿਸ਼ਨ ਦੋਵਾਂ ਨੂੰ ਲੋਕਤੰਤਰਕ ਪੱਖ ਤੋਂ ਜਵਾਬਦੇਹ ਬਣਾਉਣ ਦਾ ਜਜ਼ਬਾ ਜਗਾਇਆ ਹੈ।ਬੇਦੀ ਨੇ ਦੱਸਿਆ ਕਿ ਰਾਹੁਲ ਗਾਂਧੀ ਵੱਲੋਂ ਚਲਾਈ ਗਈ ਇਹ ਮੁਹਿੰਮ ਸਿਰਫ਼ ਰਾਜਨੀਤਕ ਨਹੀਂ, ਸਗੋਂ ਲੋਕਤੰਤਰ ਦੀ ਰੱਖਿਆ ਲਈ ਇੱਕ ਸੰਵਿਧਾਨਿਕ ਜੰਗ ਹੈ। ਇਸ ਦਾ ਮਕਸਦ ਹੈ ਕਿ ਹਰ ਨਾਗਰਿਕ ਦੀ ਵੋਟ ਦੀ ਮਹੱਤਤਾ ਕਾਇਮ ਰਹੇ ਅਤੇ ਇਲੈਕਸ਼ਨ ਕਮਿਸ਼ਨ ਵਰਗੀ ਸੰਵਿਧਾਨਿਕ ਸੰਸਥਾ ਆਪਣਾ ਕਾਨੂੰਨੀ ਫਰਜ਼ ਨਿਭਾਏ। ਉਨ੍ਹਾਂ ਕਿਹਾ ਕਿ ਹਾਲੀਆ ਸਮੇਂ ਵਿੱਚ ਕੇਂਦਰ ਸਰਕਾਰ ਵੱਲੋਂ ਚੋਣ ਕਮਿਸ਼ਨ ਨਾਲ ਸੰਬੰਧਤ ਕੁਝ ਕਾਨੂੰਨੀ ਸੋਧਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਨਾਲ ਕਮਿਸ਼ਨ ਦੀ ਸੁਤੰਤਰਤਾ ਤੇ ਨਿਰਭਰਤਾ ਖਤਰੇ ‘ਚ ਪੈ ਗਈ ਹੈ। ਇਸ ਕਾਰਨ ਜਨਤਾ ਦੇ ਮਨ ਵਿੱਚ ਸ਼ੰਕੇ ਪੈਦਾ ਹੋ ਰਹੀਆਂ ਹਨ ਕਿ ਕੀ ਇਲੈਕਸ਼ਨ ਕਮਿਸ਼ਨ ਹੁਣ ਸੱਚਮੁੱਚ ਆਜ਼ਾਦ ਹੈ ਜਾਂ ਨਹੀਂ।ਬੇਦੀ ਨੇ ਕਿਹਾ — “ਸੰਵਿਧਾਨ ਦੀਆਂ ਧਾਰਾਵਾਂ ਸਪਸ਼ਟ ਕਹਿੰਦੀਆਂ ਹਨ ਕਿ ਹਰ ਸੰਸਥਾ ਕਾਨੂੰਨ ਦੇ ਦਾਇਰੇ ਵਿੱਚ ਕੰਮ ਕਰੇਗੀ। ਪਰ ਜਦੋਂ ਸਰਕਾਰ ਆਪਣੀ ਮਨਮਰਜ਼ੀ ਨਾਲ ਕਾਨੂੰਨ ਬਣਾ ਕੇ ਕਿਸੇ ਸੰਸਥਾ ਨੂੰ ਜਵਾਬਦੇਹੀ ਤੋਂ ਮੁਕਤ ਕਰ ਦਿੰਦੀ ਹੈ, ਤਾਂ ਇਹ ਸੰਵਿਧਾਨ ਦੀ ਆਤਮਾ ਉੱਤੇ ਸਿੱਧਾ ਹਮਲਾ ਹੁੰਦਾ ਹੈ।”ਡਿਪਟੀ ਮੇਅਰ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਹ ਖੁਦ ਆਪਣੀ ਟੀਮ ਦੇ ਨਾਲ ਮੋਹਾਲੀ ਦੇ ਪਿੰਡਾਂ ਅਤੇ ਸ਼ਹਿਰ ਦੇ ਵੱਖ ਵੱਖ ਸੈਕਟਰਾਂ ‘ਚ ਦੌਰੇ ਕਰ ਰਹੇ ਹਨ। ਹਰ ਥਾਂ ਤੇ ਲੋਕਾਂ ਨੇ ਵੱਡੇ ਉਤਸ਼ਾਹ ਨਾਲ ਫਾਰਮ ਭਰੇ ਅਤੇ ਰਾਹੁਲ ਗਾਂਧੀ ਦੀ ਮੁਹਿੰਮ ਦਾ ਸਮਰਥਨ ਕੀਤਾ।ਉਨ੍ਹਾਂ ਕਿਹਾ ਕਿ ਇਹ ਅਜਿਹਾ ਸਮਰਥਨ ਹੈ ਜਿਸ ਨਾਲ ਸਪਸ਼ਟ ਹੈ ਕਿ ਲੋਕ ਸੰਵਿਧਾਨ ਦੀ ਮਹੱਤਤਾ ਨੂੰ ਸਮਝਦੇ ਹਨ ਅਤੇ ਉਹ ਚਾਹੁੰਦੇ ਹਨ ਕਿ ਚੋਣ ਪ੍ਰਕਿਰਿਆ ਪਾਰਦਰਸ਼ੀ ਅਤੇ ਜਨਤਕ ਭਰੋਸੇਯੋਗ ਹੋਵੇ। ਬੇਦੀ ਨੇ ਕਿਹਾ ਕਿ “ਮੈਂ ਧੰਨਵਾਦੀ ਹਾਂ ਮੋਹਾਲੀ ਦੇ ਹਰੇਕ ਵੋਟਰ ਦਾ, ਖਾਸ ਕਰਕੇ ਪਿੰਡ ਪੱਧਰ ‘ਤੇ ਲੋਕਾਂ ਨੇ ਜਿਸ ਤਰ੍ਹਾਂ ਜੋਸ਼ ਨਾਲ ਹਿੱਸਾ ਲਿਆ, ਉਹ ਦਿਖਾਉਂਦਾ ਹੈ ਕਿ ਇਸ ਕੈਂਪੇਨ ਨੇ ਲੋਕਾਂ ਦੇ ਦਿਲਾਂ ‘ਚ ਜਗਾ ਬਣਾਈ ਹੈ।” ਬੇਦੀ ਨੇ ਅੱਗੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਦਾ ਇੱਕ ਹੋਰ ਅਹਿਮ ਮਕਸਦ ਹੈ ਕਿ ਵੋਟਰ ਲਿਸਟਾਂ ਦੀ ਪੂਰੀ ਪਾਰਦਰਸ਼ਤਾ ਯਕੀਨੀ ਬਣਾਈ ਜਾਵੇ।ਉਨ੍ਹਾਂ ਕਿਹਾ ਕਿ ਬਹੁਤ ਵਾਰ ਲੋਕਾਂ ਦੀਆਂ ਵੋਟਾਂ ਬਿਨਾਂ ਜਾਣਕਾਰੀ ਦੇ ਕੱਟ ਦਿੱਤੀਆਂ ਜਾਂਦੀਆਂ ਹਨ ਜਾਂ ਨਵੀਆਂ ਵੋਟਾਂ ਜੋੜਨ ਵਿੱਚ ਰੁਕਾਵਟਾਂ ਆਉਂਦੀਆਂ ਹਨ। ਇਸ ਲਈ ਕਾਂਗਰਸ ਨੇ ਮੰਗ ਕੀਤੀ ਹੈ ਕਿ ਵੋਟਰ ਲਿਸਟਾਂ ਡਿਜੀਟਲ ਰੂਪ ਵਿੱਚ ਜਾਰੀ ਕੀਤੀਆਂ ਜਾਣ, ਹਰ ਨਾਗਰਿਕ ਨੂੰ ਆਪਣਾ ਨਾਮ ਚੈੱਕ ਕਰਨ ਦੀ ਆਨਲਾਈਨ ਸਹੂਲਤ ਮਿਲੇ ਤੇ ਇਲੈਕਸ਼ਨ ਕਮਿਸ਼ਨ ਇੱਕ ਸਮਾਂ-ਬੱਧ ਪ੍ਰਕਿਰਿਆ ਅਪਣਾਏ ਤਾਂ ਜੋ ਕੋਈ ਵੀ ਵੋਟ ਬਿਨਾਂ ਕਾਰਨ ਨਾ ਕੱਟੀ ਜਾਵੇ। ਉਨ੍ਹਾਂ ਕਿਹਾ ਕਿ ਇਹਨਾਂ ਸੁਧਾਰਾਂ ਨਾਲ ਚੋਣ ਪ੍ਰਣਾਲੀ ਹੋਰ ਮਜ਼ਬੂਤ ਤੇ ਨਿਰਪੱਖ ਬਣੇਗੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ