ਲੁਧਿਆਣਾ 12 ਅਕਤੂਬਰ (ਹਿੰ. ਸ.)। ਹਲਕਾ ਆਤਮ ਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋ ਅੱਜ ਦੁੱਗਰੀ ਥਾਣਾ ਤੋਂ ਲੈ ਕੇ ਡਿਵਾਈਡਿੰਗ ਰੋਡ ਜੋ ਕਿ ਵਾਰਡ ਨੰਬਰ 49 ਅਤੇ ਵਾਰਡ ਨੰਬਰ 50 ਨੂੰ ਮਿਲਾਉਂਦੀ ਹੈ ਨੂੰ ਬਣਾਉਣ ਲਈ 82 ਲੱਖ 30 ਹਜਾਰ ਰੁਪਏ ਦੀ ਲਾਗਤ ਨਾਲ ਕੰਮ ਸ਼ੁਰੂ ਕੀਤਾ ਗਿਆ । ਇਸ ਮੌਕੇ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸੜਕ ਪਿਛਲੇ ਲੰਮੇ ਸਮੇਂ ਤੋਂ ਨਹੀਂ ਬਣੀ ਸੀ। ਜਿਸ ਦਾ ਕੰਮ ਨਵੀਆਂ ਰੋਡ ਜਾਲੀਆਂ ਅਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਾਉਣ ਤੋਂ ਬਾਅਦ, ਅੱਜ ਹਲਕਾ ਆਤਮ ਨਗਰ ਦੇ ਵਿਧਾਇਕ ਸਰਦਾਰ ਕੁਲਵੰਤ ਸਿੰਘ ਸਿੱਧੂ ਅਤੇ ਵਾਰਡ ਨੰਬਰ 50 ਤੌ ਕੌਂਸਲਰ ਸ.ਯੁਵਰਾਜ ਸਿੰਘ ਸਿੱਧੂ ਵੱਲੋਂ ਸ਼ੁਰੂ ਕਰਵਾਇਆ ਗਿਆ ਹੈ। ਕੁਲਵੰਤ ਸਿੰਘ ਸਿੱਧੂ ਨੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਹੁੰਦਿਆਂ ਆਖਿਆ ਕਿ ਹਲਕਾ ਨਿਵਾਸੀਆਂ ਨੂੰ ਮੁਢਲੀਆਂ ਸਹੂਲਤਾਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਹਲਕੇ ਵਿੱਚ ਪਾਣੀ, ਸੀਵਰੇਜ ,ਪਾਰਕ ਅਤੇ ਹਰ ਤਰ੍ਹਾਂ ਦੇ ਸੁੰਦਰੀਕਰਨ ਵੱਲ ਉਹਨਾਂ ਦਾ ਵਿਸ਼ੇਸ਼ ਧਿਆਨ ਹੈ।ਨਗਰ ਦੀ ਕੋਈ ਵੀ ਸੜਕ ਬਣੇ ਬਿਨਾਂ ਨਹੀਂ ਰਹੇਗੀ । ਉਹਨਾਂ ਅੱਗੋਂ ਆਖਿਆ ਕਿ ਮੁੱਖ ਮੰਤਰੀ ਦੀ ਦੂਰ ਅੰਦੇਸ਼ੀ ਸੋਚ ਸਦਕਾ ਸਾਰੀਆ ਹੀ ਸੜਕਾ ਦੇ ਨਿਰਮਾਣ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਵਿਧਾਇਕ ਸਿੱਧੂ ਨੇ ਦੱਸਿਆ ਕਿ ਦੁੱਗਰੀ ਫੇਸ ਵਨ ਦੀ ਮੇਨ ਸੜਕ ਦੇ ਉੱਤੇ ਵੀ ਰੋਡ ਜਾਲੀਆਂ ਦਾ ਕੰਮ ਚੱਲ ਰਿਹਾ ਹੈ, ਉਸ ਦਾ ਵੀ ਟੈਂਡਰ ਹੋ ਚੁੱਕਿਆ ਹੈ ਉਹ ਕੰਮ ਪੂਰਾ ਹੁੰਦੇ ਸਾਰ ਹੀ ਜਲਦੀ ਹੀ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਏਗਾ।ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਮੇਂ ਸਮੇਂ ਸਿਰ ਆਪ ਠੇਕੇਦਾਰਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਚੈਕਿੰਗ ਕਰਦੇ ਰਹਿਣ ਅਤੇ ਜੇ ਕੋਈ ਕਮੀ ਪੇਸ਼ੀ ਆਉਂਦੀ ਹੈ ਤਾਂ ਤੁਰੰਤ ਪ੍ਰਭਾਵ ਨਾਲ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ। ਉਹਨਾਂ ਠੇਕੇਦਾਰਾ ਨੂੰ ਵੀ ਤਾੜਦਿਆਂ ਆਖਿਆ ਕਿ ਕੰਮ ਵਿੱਚ ਕਿਸੇ ਤਰ੍ਹਾਂ ਦੀ ਵੀ ਢਿੱਲ ਮੱਠ ਜਾਂ ਬੇਈਮਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਲੋਕਾਂ ਵੱਲੋਂ ਪਾਰਕ ਦੀ ਮੰਗ ਤੇ ਉਹਨਾਂ ਕਿਹਾ ਕਿ ਉਹ ਆਪ ਚਾਹੁੰਦੇ ਹਨ ਕਿ ਹਲਕਾ ਆਤਮ ਨਗਰ ਵਿੱਚ ਇੱਕ ਮਿਨੀ ਰੋਜ਼ਗਾਰਡਨ ਬਣੇ ਜਿਸ ਦੇ ਉੱਤੇ ਉਹ ਕੰਮ ਕਰ ਰਹੇ ਹਨ ਅਤੇ ਪਰਮਾਤਮਾ ਦੀ ਕਿਰਪਾ ਨਾਲ ਜਲਦੀ ਹੀ ਇਸ ਤੇ ਕਾਮਯਾਬੀ ਮਿਲੇਗੀ । ਉਦਘਾਟਨ ਤੇ ਆਏ ਇਲਾਕਾ ਨਿਵਾਸੀਆਂ ਵੱਲੋਂ ਸੜਕ ਦੇ ਨਾਲ ਕੱਚੀ ਸੜਕ ਤੇ ਇੰਟਰਲਾਕ ਟਾਇਲ ਨਾਲ ਸੜਕ ਬਣਾਉਣ ਦੀ ਬੇਨਤੀ ਕੀਤੀ ਗਈ ਜੋ ਉਹਨਾਂ ਵੱਲੋਂ ਤੁਰੰਤ ਮੰਨ ਲਈ ਗਈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ