ਨਵਾਂਸ਼ਹਿਰ, 12 ਅਕਤੂਬਰ (ਹਿੰ. ਸ.)। ਦੋਆਬਾ ਸੇਵਾ ਸੰਮਤੀ ਨਵਾਂਸ਼ਹਿਰ ਵੱਲੋਂ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ , ਜਿਸ ਵਿੱਚ ਮ੍ਰਿਤਕ ਸਰੀਰ ਦਾਨੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਣਦਾ ਮਾਣ-ਸਤਿਕਾਰ ਦੇਣ ਦੀ ਮੰਗ ਕੀਤੀ ਗਈ। ਜਾਣਕਾਰੀ ਦਿੰਦਿਆਂ ਦੋਆਬਾ ਸੇਵਾ ਸੰਮਤੀ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਹੁਣ ਕਈ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਤੋਂ ਪ੍ਰੇਰਨਾ ਲੈ ਕੇ ਲੋਕ ਮਰਨ ਉਪਰੰਤ ਸਰੀਰ ਦਾਨ ਕਰਨ ਦਾ ਪ੍ਰਣ ਲੈ ਰਹੇ ਹਨ ਪਰ ਜਦੋਂ ਕਿਸੇ ਸਰੀਰ ਦਾਨੀ ਦੀ ਮੌਤ ਹੋ ਜਾਂਦੀ ਹੈ, ਇਸ ਦੁੱਖ ਦੀ ਘੜੀ ਵਿਚ ਜਦੋਂ ਉਸਦੇ ਪਰਿਵਾਰਕ ਮੈਂਬਰਾਂ ਨੇ ਮੈਡੀਕਲ ਕਾਲਜ ਵਾਲਿਆਂ ਨਾਲ ਸੰਪਰਕ ਕੀਤਾ ਤਾਂ ਉਕਤ ਮੈਡੀਕਲ ਕਾਲਜ ਵਾਲਿਆਂ ਦਾ ਕਹਿਣਾ ਹੈ ਕਿ ਤੁਸੀਂ ਖੁਦ ਆ ਕੇ ਲਾਸ਼ ਸਰਕਾਰੀ ਮੈਡੀਕਲ ਕਾਲਜ ਨੂੰ ਦੇ ਜਾਓ। ਇਹ ਸੁਣ ਕੇ ਉਸ ਸਮੇਂ ਦਾਨੀ ਦੇ ਪਰਿਵਾਰ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਜਾਂਦੀ ਹੈ, ਉਹ ਸੋਚਣ ਲੱਗ ਪੈਂਦਾ ਹੈ ਕਿ ਅਸੀਂ ਆਪਣੇ ਪਿਆਰੇ ਦਾ ਸੰਸਕਾਰ ਕਰਨ ਦੀ ਬਜਾਏ ਉਸ ਦਾ ਮ੍ਰਿਤਕ ਸਰੀਰ ਸਰਕਾਰੀ ਮੈਡੀਕਲ ਕਾਲਜ ਨੂੰ ਦੇ ਰਹੇ ਹਾਂ ਪਰ ਮੈਡੀਕਲ ਕਾਲਜ ਵਾਲੇ ਖੁਦ ਸਰੀਰ ਦਾਨੀ ਦੇ ਘਰ ਆ ਕੇ ਉਸ ਦਾ ਮ੍ਰਿਤਕ ਸਰੀਰ ਇੱਜ਼ਤ ਮਾਣ ਦੇ ਨਾਲ ਲੈ ਕੇ ਨਹੀਂ ਜਾਂਦੇ , ਜਦ ਕਿ ਮੈਡੀਕਲ ਕਾਲਜ ਵਿੱਚ ਪੜ੍ਹਾਈ ਕਰਨ ਵਿਦਿਆਰਥੀ ਨੂੰ ਉਸ ਦੀ ਬਹੁਤ ਲੋੜ ਹੁੰਦੀ ਹੈ। ਇਸ ਮੌਕੇ ਦੋਆਬਾ ਸੇਵਾ ਸੰਮਤੀ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਅਤੇ ਹੋਰ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਦੋਂ ਕਿਸੇ ਸਰੀਰ ਦਾਨੀ ਦੀ ਮੌਤ ਹੋ ਜਾਂਦੀ ਹੈ ਤਾਂ ਸਰਕਾਰੀ ਮੈਡੀਕਲ ਕਾਲਜ ਦੀ ਟੀਮ ਖੁਦ ਹੀ ਉਸ ਸਰੀਰ ਦਾਨੀ ਦੀ ਦੇਹ ਲੈ ਕੇ ਜਾਵੇ| ਜਦੋਂ ਸਰੀਰ ਦਾਨੀ ਦੇ ਭੋਗ ਦੀ ਰਸਮ ਹੁੰਦੀ ਹੈ ਤਾਂ ਪ੍ਰਸ਼ਾਸਨਿਕ ਅਧਿਕਾਰੀ ਖੁਦ ਜਾ ਕੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਅਤੇ ਬਣਦਾ ਸਤਿਕਾਰ ਦੇਣ। 15 ਅਗਸਤ ਜਾਂ 26 ਜਨਵਰੀ ਨੂੰ ਸਰੀਰ ਦਾਨੀਆਂ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਜਾਵੇ। ਰਤਨ ਕੁਮਾਰ ਜੈਨ ਨੇ ਕਿਹਾ ਕਿ ਜੇਕਰ ਸਰਕਾਰ ਇਨ੍ਹਾਂ ਸੁਝਾਵਾਂ 'ਤੇ ਅਮਲ ਕਰਦੀ ਹੈ ਤਾਂ ਸਮਾਜ ਸੇਵਾ ਦੀ ਭਾਵਨਾ ਰੱਖਣ ਵਾਲੇ ਕਈ ਦਾਨੀ ਸੱਜਣ ਆਪਣੇ ਸਰੀਰ ਦਾਨ ਕਰਨ ਲਈ ਅੱਗੇ ਆਉਣਗੇ ਅਤੇ ਮੈਡੀਕਲ ਕਾਲਜ ਵਿੱਚ ਡਾਕਟਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਮਨੁੱਖੀ ਸਰੀਰ ਦੀ ਘਾਟ ਵੀ ਦੂਰ ਹੋ ਜਾਵੇਗੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ