ਮਜੀਠਾ, 12 ਅਕਤੂਬਰ (ਹਿੰ. ਸ.)। ਮਜੀਠਾ ਅੰਮ੍ਰਿਤਸਰ ਮੁੱਖ ਸੜਕ 'ਤੇ ਪਿੰਡ ਨਾਗ ਨਵੇਜ਼ ਦੇ ਬੱਸ ਅੱਡੇ ਲਾਗੇ ਇਕ ਤੇਜ਼ ਰਫਤਾਰ ਮਿੰਨੀ ਬੱਸ ਨੇ ਮੋਟਰ ਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਦਰੜ ਦਿੱਤਾ, ਜਿਸ ਨਾਲ ਦੋਵਾਂ ਦੀ ਮੌਕੇ 'ਤੇ ਮੌਤ ਹੋ ਗਈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਦੋ ਨੌਜਵਾਨ ਪ੍ਰਦੀਪ ਕੁਮਾਰ ਉਮਰ ਕਰੀਬ 23 ਸਾਲ ਪੁੱਤਰ ਲਲਨ ਰਾਮ ਅਤੇ ਉਸ ਦੇ ਨਾਲ ਅਭੀ ਕੁਮਾਰ ਉਮਰ ਕਰੀਬ 24 ਸਾਲ ਪੁੱਤਰ ਮੀਤਾ ਵਾਸੀਆਨ ਇੰਦਰਾ ਕਲੋਨੀ ਵੇਰਕਾ ਸਪਲੈਂਡਰ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਅੰਮ੍ਰਿਤਸਰ ਵਲੋਂ ਮਜੀਠਾ ਵੱਲ ਨੂੰ ਆ ਰਹੇ ਸਨ ਕਿ ਪਿੰਡ ਨਾਗ ਨਵੇਜ਼ ਦੇ ਬੱਸ ਅੱਡੇ ਲਾਗੇ ਪਿਛਿਓਂ ਆ ਰਹੀ ਤੇਜ਼ ਰਫਤਾਰ ਮਿੰਨੀ ਬੱਸ ਵਲੋ ਸਾਈਡ ਮਾਰੇ ਜਾਣ ਕਾਰਣ ਦੋਵੇਂ ਨੌਜਵਾਨ ਸੜਕ 'ਤੇ ਡਿੱਗ ਪਏ, ਜਿਨ੍ਹਾਂ ਦੀ ਮੋਕੇ 'ਤੇ ਹੀ ਮੌਤ ਹੋ ਗਈ। ਮਜੀਠਾ ਥਾਣੇ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਅਤੇ ਨੁਕਸਾਨੇ ਹੋਏ ਮੋਟਰਸਾਈਕਲ ਨੂੰ ਕਬਜ਼ੇ ਵਿਚ ਲੈ ਲਿਆ। ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ