ਹੁਸ਼ਿਆਰਪੁਰ, 12 ਅਕਤੂਬਰ (ਹਿੰ. ਸ.)। ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਆਮ ਚੋਣਾਂ ਲਈ ਵੋਟਰ ਸੂਚੀਆਂ ਦੀ ਸੁਧਾਈ ਲਈ ਸੋਧਿਆ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਹੁਸ਼ਿਆਰਪੁਰ ਆਸ਼ਿਕਾ ਜੈਨ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਪ੍ਰਾਪਤ ਪ੍ਰੋਗਰਾਮ ਅਨੁਸਾਰ ਵੋਟਰ ਸੂਚੀਆਂ ਨੂੰ ਯੋਗਤਾ ਮਿਤੀ 15 ਅਕਤੂਬਰ 2025 ਅਨੁਸਾਰ ਅਪਡੇਟ ਕੀਤਾ ਜਾਣਾ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੇ ਯੋਗ ਵੋਟਰ ਇਸ ਵਿਚ ਸ਼ਾਮਿਲ ਹੋ ਸਕਣ। ਆਸ਼ਿਕਾ ਜੈਨ ਨੇ ਅੱਗੇ ਦੱਸਿਆ ਕਿ ਮੌਜੂਦਾ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ 10 ਅਕਤੂਬਰ 2025 ਨੂੰ ਕਰ ਦਿੱਤੀ ਗਈ ਹੈ, ਜਿਸ ’ਤੇ ਦਾਅਵੇ ਅਤੇ ਇਤਰਾਜ਼ 11 ਤੋਂ 17 ਅਕਤੂਬਰ 2025 ਤੱਕ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ 23 ਅਕਤੂਬਰ 2025 ਤੱਕ ਕੀਤਾ ਜਾਵੇਗਾ ਅਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 24 ਅਕਤੂਬਰ ਨੂੰ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਵਿਚ ਨਾਮ ਦਰਜ ਕਰਵਾਉਣ ਲਈ ਨਵੀਂ ਵੋਟ ਬਣਾਉਣ ਵਾਲੇ ਵਿਅਕਤੀ ਦੀ ਉਮਰ ਯੋਗਤਾ ਮਿਤੀ ’ਤੇ ਘੱਟੋ-ਘੱਟ 18 ਸਾਲ ਦੀ ਹੋਣੀ ਚਾਹੀਦੀ ਹੈ। ਨਵੀਂ ਵੋਟ ਬਣਾਉਣ ਵਾਸਤੇ ਯੋਗ ਵੋਟਰ ਆਪਣਾ ਬਿਨੈ, ਫਾਰਮ-1 ਵਿਚ, ਕਿਸੇ ਵੀ ਇਤਰਾਜ਼/ਵੋਟ ਕਟਾਉਣ ਲਈ ਫਾਰਮ-2 ਵਿਚ ਅਤੇ ਵੋਟਰ ਸੂਚੀ ਵਿਚ ਕਿਸੇ ਵੀ ਸੋਧ ਲਈ ਫਾਰਮ-3 ਵਿਚ ਦਾਇਰ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਇਸ ਸਬੰਧੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਪਹਿਲਾਂ 9 ਸਤੰਬਰ 2025 ਨੂੰ ਕੀਤੀ ਜਾਣੀ ਸੀ, ਪਰੰਤੂ ਹੜ੍ਹਾਂ ਦੇ ਮੱਦੇਨਜ਼ਰ ਪ੍ਰਭਾਵਿਤ ਜ਼ਿਲ੍ਹਿਆਂ ਲਈ ਕਮਿਸ਼ਨ ਵੱਲੋਂ ਹੁਣ ਵੋਟਰ ਸੂਚੀਆਂ ਦੀ ਸੁਧਾਈ ਦਾ ਸੋਧਿਆ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ