ਕੰਪਾਲਾ, 13 ਅਕਤੂਬਰ (ਹਿੰ.ਸ.)। ਯੂਗਾਂਡਾ ਦੇ ਜੈਕਬ ਕਿਪਲੀਮੋ ਦੀ ਇਤਿਹਾਸਕ ਜਿੱਤ ਨੇ ਪੂਰੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਫੈਲਾ ਦਿੱਤੀ ਹੈ। ਕਿਪਲੀਮੋ ਨੇ ਐਤਵਾਰ ਨੂੰ ਸ਼ਿਕਾਗੋ ਮੈਰਾਥਨ 2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਯੂਗਾਂਡਾ ਦੇ ਖਿਡਾਰੀ ਵਜੋਂ ਪਹਿਲੀ ਵਾਰ ਵਰਲਡ ਮੈਰਾਥਨ ਮੇਜਰ ਦਾ ਖਿਤਾਬ ਆਪਣੇ ਨਾਮ ਕੀਤਾ।
ਕਿਪਲੀਮੋ ਨੇ 2 ਘੰਟੇ 02 ਮਿੰਟ 23 ਸਕਿੰਟ ਦਾ ਸਮਾਂ ਕੱਢ ਕੇ ਰੇਸ ਪੂਰੀ ਕੀਤੀ। ਉਨ੍ਹਾਂ ਨੇ ਕੀਨੀਆ ਦੇ ਅਮੋਸ ਕਿਪਰੂਟੋ (2:03:54) ਅਤੇ ਐਲੇਕਸ ਮਸਾਈ (2:04:37) ਨੂੰ ਪਿੱਛੇ ਛੱਡਦੇ ਹੋਏ ਇਤਿਹਾਸਕ ਜਿੱਤ ਪ੍ਰਾਪਤ ਕੀਤੀ।
ਯੂਗਾਂਡਾ ਦੀ ਸਿੱਖਿਆ ਅਤੇ ਖੇਡ ਮੰਤਰੀ ਜੈਨੇਟ ਕਾਤਾਾਹਾ ਮੁਸਵੇਨੀ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਵਧਾਈ ਸੰਦੇਸ਼ ਵਿੱਚ ਲਿਖਿਆ, ਵਧਾਈ ਹੋਵੇ, ਜੈਕਬ, ਸ਼ਿਕਾਗੋ ਵਿੱਚ ਸਾਡੇ ਦੇਸ਼ ਦਾ ਝੰਡਾ ਲਹਿਰਾਉਣ ਲਈ! ਤੁਹਾਡੀ ਜਿੱਤ ਸਾਰੇ ਯੂਗਾਂਡਾ ਲਈ ਮਾਣ ਅਤੇ ਪ੍ਰੇਰਨਾ ਦਾ ਸਰੋਤ ਹੈ।
ਰਾਜ ਦੇ ਖੇਡ ਮੰਤਰੀ ਪੀਟਰ ਓਗਵਾਂਗ ਨੇ ਵੀ ਕਿਪਲੀਮੋ ਦੀ ਪ੍ਰਾਪਤੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ, ਕਿਪਲੀਮੋ ਨੇ ਇੱਕ ਵਾਰ ਫਿਰ ਯੂਗਾਂਡਾ ਦਾ ਨਾਮ ਰੋਸ਼ਨ ਕੀਤਾ ਹੈ। ਅਸੀਂ ਉਨ੍ਹਾਂ ਦੇ ਇਸ ਮਾਣਮੱਤੇ ਪਲ ਦਾ ਜਸ਼ਨ ਮਨਾ ਰਹੇ ਹਾਂ।
ਕਿਪਲੀਮੋ, ਜੋ ਮੌਜੂਦਾ ਵਿਸ਼ਵ ਕਰਾਸ-ਕੰਟਰੀ ਚੈਂਪੀਅਨ ਹਨ, ਨੇ ਇਸ ਸਾਲ ਦੇ ਸ਼ੁਰੂ ਵਿੱਚ ਲੰਡਨ ਮੈਰਾਥਨ ਵਿੱਚ ਆਪਣਾ ਡੈਬਿਉ ਕੀਤਾ ਸੀ ਅਤੇ ਦੂਜੇ ਸਥਾਨ 'ਤੇ ਰਹੇ। ਸ਼ਿਕਾਗੋ ਮੈਰਾਥਨ ਛੇ ਵੱਕਾਰੀ ਵਰਲਡ ਮੈਰਾਥਨ ਮੇਜਰਾਂ ਵਿੱਚੋਂ ਇੱਕ ਹੈ। ਬਾਕੀ ਮੈਰਾਥਨ ਬੋਸਟਨ, ਲੰਡਨ, ਬਰਲਿਨ, ਨਿਊਯਾਰਕ ਅਤੇ ਟੋਕੀਓ ਵਿੱਚ ਆਯੋਜਿਤ ਹੁੰਦੀਆਂ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ