ਲੁਧਿਆਣਾ 13 ਅਕਤੂਬਰ (ਹਿੰ. ਸ.)। ਮਾਡਲ ਟਾਊਨ ਐਕਸਟੈਂਸ਼ਨ ਵਿਖੇ ਰੇ ਆਫ ਪੋਜੀਟਿਵਿਟੀ ਨਾਮ ਦੀ ਸਮਾਜ ਸੇਵੀ ਸੰਸਥਾ ਨੇ ਆਪਣੀ ਸੇਵਾ ਕਾਲ ਦੇ ਸੱਤ ਸਾਲ ਸੰਪੂਰਨ ਹੋਣ ਤੇ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਐਨਜੀਓ ਵੱਲੋਂ ਮਾਤਾ ਵਿਪਣਪ੍ਰੀਤ ਕੌਰ ਦੀ ਅਗਵਾਈ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਡਲ ਟਾਊਨ ਐਕਸਟੈਂਸ਼ਨ ਦੇ ਸਹਿਯੋਗ ਨਾਲ ਜਪ ਤਪ ਸਮਾਗਮ ਕਰਾਇਆ ਗਿਆ ਅਤੇ ਚੌਥੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।
ਸਮਾਗਮ ਅਤੇ ਖੂਨਦਾਨ ਕੈਂਪ ਵਿੱਚ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਹਾਜ਼ਰੀ ਭਰੀ ਗਈ। ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਬੋਲਦਿਆਂ ਆਖਿਆ ਅਜਿਹੇ ਜਪ ਤਪ ਸਮਾਗਮ ਮਨੁੱਖਾ ਜੀਵਨ ਨੂੰ ਆਤਮਿਕ ਅਡੋਲਤਾ ਅਤੇ ਸੁਚੱਜਾ ਜੀਵਨ ਬਖਸ਼ਦੇ ਹਨ। ਇਸ ਲਈ ਸਾਨੂੰ ਰਝੇਵਿਆਂ ਭਰੇ ਸਮਾਜਿਕ ਜੀਵਨ ਵਿੱਚ ਵਿਚਰਦੇ ਹੋਏ ਕੁਝ ਸਮਾਂ ਆਪਣੇ ਆਤਮਿਕ ਸੁੱਖ ਲਈ ਵੀ ਜਰੂਰ ਕੱਢਣਾ ਚਾਹੀਦਾ ਹੈ। ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਜਿੱਥੇ ਖੂਨਦਾਨ ਕੈਂਪ ਲਾਉਣ ਲਈ ਐਨਜੀਓ ਨੂੰ ਸ਼ਾਬਾਸ਼ੀ ਦਿੱਤੀ ਉੱਥੇ ਹੀ ਖੂਨ ਦਾਨ ਕਰਨ ਆਏ ਨੌਜਵਾਨਾਂ ਨੂੰ ਇੱਕ ਮਹਾਂਦਾਨੀ ਕਹਿ ਕੇ ਸੰਬੋਧਨ ਕੀਤਾ, ਉਹਨਾਂ ਕਿਹਾ ਕਿ 100 ਮਣ ਸੋਨਾ ਦਾਨ ਕਰਨ ਤੋਂ ਵੱਡਾ ਦਾਨ ਹੈ ਖੂਨ ਦਾਨ ਕਰਨਾ, ਕਿਉਂਕਿ ਉਹਨਾਂ ਵੱਲੋਂ ਕੀਤਾ ਹੋਇਆ ਖੂਨਦਾਨ ਕਿਸੇ ਮਨੁੱਖਾ ਜੀਵਨ ਨੂੰ ਬਚਾਉਣ ਲਈ ਕੰਮ ਆਉਂਦਾ ਹੈ। ਇਸ ਵਕਤ ਉਹਨਾਂ ਨਾਲ ਗੁਰਪ੍ਰੀਤ ਸਿੰਘ ਰਾਜਾ ਅਤੇ ਕਮਲਜੀਤ ਸਿੰਘ ਸੱਚਦੇਵਾ ਵੀ ਮੌਜੂਦ ਸਨ।
------
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ