ਅਕਰਾ, 13 ਅਕਤੂਬਰ (ਹਿੰ.ਸ.)। ਘਾਨਾ ਨੇ ਐਤਵਾਰ ਨੂੰ ਆਪਣੇ ਆਖਰੀ ਕੁਆਲੀਫਾਇਰ ਮੈਚ ਵਿੱਚ ਕੋਮੋਰੋਸ ਨੂੰ 1-0 ਨਾਲ ਹਰਾ ਕੇ 2026 ਫੀਫਾ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ।
ਮੈਚ ਵਿੱਚ ਸਿਰਫ਼ ਇੱਕ ਅੰਕ ਦੀ ਲੋੜ ਹੋਣ ਦੇ ਬਾਵਜੂਦ, ਘਾਨਾ ਨੇ ਹਮਲਾਵਰ ਸ਼ੁਰੂਆਤ ਕੀਤੀ। ਕੋਮੋਰੋਸ, ਜਿਸਨੇ ਕੁਆਲੀਫਾਇਰ ਵਿੱਚ ਘਾਨਾ ਨੂੰ ਇੱਕੋ ਇੱਕ ਹਾਰ ਦਿੱਤੀ ਸੀ, ਨੇ ਸਖ਼ਤ ਟੱਕਰ ਦਿੱਤੀ ਅਤੇ ਤੀਜੇ ਮਿੰਟ ਵਿੱਚ ਗੋਲ ਕਰਨ ਦਾ ਮੌਕਾ ਬਣਾਇਆ। ਹਾਲਾਂਕਿ, ਪਹਿਲਾ ਅੱਧ ਗੋਲ ਰਹਿਤ ਖਤਮ ਹੋਇਆ।
ਦੂਜੇ ਅੱਧ ਦੀ ਸ਼ੁਰੂਆਤ ਵਿੱਚ ਹੀ ਟੋਟਨਹੈਮ ਹੌਟਸਪਰ ਦੇ ਮਿਡਫੀਲਡਰ ਮੁਹੰਮਦ ਕੁਡੁਸ ਨੇ 47ਵੇਂ ਮਿੰਟ ਵਿੱਚ ਗੋਲ ਕਰਕੇ 35 ਹਜ਼ਾਰ ਦਰਸ਼ਕਾਂ ਨੂੰ ਝੂੰਮਣ ’ਤੇ ਮਜ਼ਬੂਰ ਕਰ ਦਿੱਤਾ।
ਇਸ ਜਿੱਤ ਦੇ ਨਾਲ, ਘਾਨਾ ਨੇ ਗਰੁੱਪ ਵਿੱਚ 25 ਅੰਕਾਂ ਨਾਲ ਸਿਖਰ 'ਤੇ ਰਹਿ ਕੇ ਵਿਸ਼ਵ ਕੱਪ ਲਈ ਸਿੱਧਾ ਕੁਆਲੀਫਾਈ ਕਰ ਲਿਆ। ਮੈਡਾਗਾਸਕਰ 19 ਅੰਕਾਂ ਨਾਲ ਦੂਜੇ ਸਥਾਨ 'ਤੇ ਰਿਹਾ, ਅਤੇ ਮਾਲੀ 18 ਅੰਕਾਂ ਨਾਲ ਤੀਜੇ ਸਥਾਨ 'ਤੇ ਰਿਹਾ। ਉੱਥੇ ਹੀ ਕੋਮੋਰੋਸ, ਮੱਧ ਅਫ਼ਰੀਕੀ ਗਣਰਾਜ ਅਤੇ ਚਾਡ ਕ੍ਰਮਵਾਰ 15, 8 ਅਤੇ 1 ਅੰਕ ਨਾਲ ਪਿੱਛੇ ਰਹੇ।
ਘਾਨਾ ਇਸ ਤੋਂ ਪਹਿਲਾਂ 2006, 2010, 2014 ਅਤੇ 2022 ਵਿੱਚ ਫੀਫਾ ਵਿਸ਼ਵ ਕੱਪ ਖੇਡ ਚੁੱਕਾ ਹੈ। ਟੀਮ ਦਾ ਸਭ ਤੋਂ ਵਧੀਆ ਪ੍ਰਦਰਸ਼ਨ 2010 ਵਿੱਚ ਰਿਹਾ ਸੀ, ਜਦੋਂ ਇਹ ਕੁਆਰਟਰ ਫਾਈਨਲ ਤੱਕ ਪਹੁੰਚੀ ਸੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ