
ਜਗਰਾਓ, 13 ਅਕਤੂਬਰ (ਹਿੰ. ਸ.)। ਵਿਧਾਨ ਸਭਾ ਹਲਕਾ ਜਗਰਾਉਂ ਅਧੀਨ ਖਸਤਾ ਹਾਲਤ ਪੇਂਡੂ ਸੜਕਾਂ ਦੀ ਹਾਲਤ ਸੁਧਾਰਨ ਲਈ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਲਗਾਤਾਰ ਦੋ ਦਿਨ ਮੁਹਿੰਮ ਚਲਾਕੇ ਨੀਂਹ ਪੱਧਰ ਰੱਖੇ ਗਏ ਅਤੇ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੁਹਿੰਮ ਤਹਿਤ ਰੱਖੇ ਗਏ ਸਮਾਗਮਾਂ ਦੌਰਾਨ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਸੰਬੋਧਨ ਕਰਦਿਆਂ ਆਖਿਆ ਕਿ ਵਿਧਾਨ ਸਭਾ ਹਲਕਾ ਜਗਰਾਉਂ ਅਧੀਨ ਪਿੰਡਾਂ ਦੀਆਂ ਟੁੱਟੀਆਂ ਸੜਕਾਂ ਦਾ ਲਗਭਗ 4.82 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕਰਕੇ ਨੁਹਾਰ ਬਦਲੀ ਜਾਵੇਗੀ, ਤਾਂ ਜੋ ਲੋਕਾਂ ਨੂੰ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਦੌਰਾਨ ਸਮੱਸਿਆਵਾਂ ਤੋਂ ਨਿਯਾਤ ਮਿਲ ਸਕੇ। ਉਹਨਾਂ ਆਖਿਆ ਕਿ ਗਾਲਿਬ ਕਲਾਂ ਤੋਂ ਖ੍ਰੀਦ ਕੇਂਦਰ ਤੱਕ 13.17 ਲੱਖ ਰੁਪਏ, ਰਸੂਲਪੁਰ ਤੋਂ ਲੋਪੋ 35.88 ਲੱਖ ਰੁਪਏ, ਡੱਲਾ ਤੋਂ ਮੱਲਾ ਰੋਡ 12.57 ਲੱਖ ਰੁਪਏ, ਡੱਲਾ ਰੋਡ ਤੋਂ ਕੋਠੇ ਰਾਹਲਾਂ ਰੋਡ 39.27 ਲੱਖ ਰੁਪਏ, ਸ਼ੇਖਦੌਲਤ ਤੋਂ ਲੀਲਾਂ 37.20 ਲੱਖ ਰੁਪਏ, ਚੀਮਨਾਂ ਤੋਂ ਸਿੱਧਵਾਂ ਕਲਾਂ 51.86 ਲੱਖ ਰੁਪਏ, ਮੱਲ੍ਹਾ ਤੋਂ ਮਾਣੂੰਕੇ 36.81 ਲੱਖ ਰੁਪਏ, ਭੰਮੀਪੁਰਾ ਤੋਂ ਰਣਧੀਰਗੜ੍ਹ 12.59 ਲੱਖ ਰੁਪਏ, ਮਲਕ ਰੋਡ ਤੋਂ ਕੋਠੇ ਖੰਜੂਰਾਂ 15.24 ਲੱਖ ਰੁਪਏ, ਡਾਂਗੀਆਂ ਤੋਂ ਕਾਉਂਕੇ ਖੋਸਾ 45.88 ਲੱਖ ਰੁਪਏ, ਬਰਸਾਲ ਤੋਂ ਪੋਨਾਂ 67.86 ਲੱਖ ਰੁਪਏ, ਕਾਉਂਕੇ ਖੋਸਾ ਤੋਂ ਡੱਲਾ ਰੋਡ 12.30 ਲੱਖ ਰੁਪਏ, ਡੱਲਾ ਤੋਂ ਭੰਮੀਪੁਰਾ 52.18 ਲੱਖ ਰੁਪਏ, ਮਲਕ ਤੋਂ ਅਲੀਗੜ੍ਹ 21.25 ਲੱਖ ਰੁਪਏ, ਰਾਮਗੜ੍ਹ ਤੋਂ ਬੁਜਰਗ 7.37 ਲੱਖ ਰੁਪਏ, ਅਪ੍ਰੋਚ ਰੋਡ ਬੋਦਲਵਾਲਾ 3.76 ਲੱਖ ਰੁਪਏ, ਜੀ.ਟੀ.ਰੋਡ ਤੋਂ ਕੋਠੇ ਸ਼ੇਰਜੰਗ 7.95 ਲੱਖ ਰੁਪਏ ਅਤੇ ਜੀ.ਟੀ.ਰੋਡ ਤੋਂ ਕੋਠੇ ਜੀਵਾ 8.03 ਲੱਖ ਰੁਪਏ ਦੀ ਲਾਗਤ ਨਾਲ ਖਸਤਾ ਹਾਲਤ ਸੜਕਾਂ ਦੀ ਹਾਲਤ ਸੁਧਾਰੀ ਜਾਵੇਗੀ।
ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸ੍ਰ.ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਹੇਠ ਪਿੰਡਾਂ ਦੇ ਲੋਕਾਂ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਤੇਜੀ ਨਾਲ ਕੰਮ ਕਰ ਰਹੀ ਹੈ ਅਤੇ ਪੇਂਡੂ ਸੜਕਾਂ ਤੋਂ ਇਲਾਵਾ 'ਰੌਸ਼ਨ ਪੰਜਾਬ' ਮੁਹਿੰਮ ਤਹਿਤ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਪਿੰਡਾਂ ਅੰਦਰ ਸ਼ਾਨਦਾਰ ਪਾਰਕਾਂ ਬਨਾਉਣ ਲਈ ਵੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ, ਤਾਂ ਜੋ ਪਿੰਡਾਂ ਨੂੰ ਹੋਰ ਸੁੰਦਰ ਬਣਾਇਆ ਜਾ ਸਕੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ