ਫਾਜ਼ਿਲਕਾ 13 ਅਕਤੂਬਰ (ਹਿੰ. ਸ.)। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾ ’ਤੇ ਐਸ.ਡੀ.ਐਮ. ਫਾਜ਼ਿਲਕਾ ਮੈਡਮ ਵੀਰਪਾਲ ਕੌਰ ਵੱਲੋਂ ਸਿਹਤ ਵਿਭਾਗ ਦੇ ਫੂਡ ਸੇਫਟੀ ਅਧਿਕਾਰੀਆਂ ਨੂੰ ਨਾਲ ਲੈ ਕੇ ਵੱਖ-ਵੱਖ ਮਠਿਆਈ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਫੂਡ ਸੇਫਟੀ ਐਕਟ ਦੀ ਪਾਲਣਾ ਕਰਦਿਆਂ ਉਚ ਗੁਣਤਵਾ, ਮਿਆਰੀ ਤੇ ਮਿਲਾਵਟ ਰਹਿਤ ਮਿਠਾਈਆਂ ਦੀ ਵਿਕਰੀ ਕੀਤੀ ਜਾਵੇ। ਐਸ.ਡੀ.ਐਮ ਨੇ ਕਿਹਾ ਕਿ ਫੂਡ ਸੇਫਟੀ ਅਧਿਕਾਰੀਆਂ ਵੱਲੋਂ ਪਹਿਲਾਂ ਵੀ ਮਠਿਆਈਆਂ ਤੇ ਕਨਫੈਕਸ਼ਟਰੀ ਦੀਆਂ ਦੁਕਾਨਾਂ *ਤੇ ਚੈਕਿੰਗ ਕੀਤੀਆਂ ਜਾਂਦੀਆਂ ਹਨ ਪਰ ਤਿਉਹਾਰਾਂ ਦੇ ਸੀਜਨ ਨੂੰ ਮੁੱਖ ਰੱਖਦਿਆਂ ਇਹ ਚੈਕਿੰਗਾਂ ਨਿਰੰਤਰ ਜ਼ਾਰੀ ਰਹਿਣਗੀਆਂ ਤਾਂ ਜੋ ਬਜਾਰਾਂ ਅੰਦਰ ਕਿਤੇ ਵੀ ਮਿਲਾਵਟੀ ਵਸਤੂਆਂ ਦੀ ਵਿਕਰੀ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਦੁਕਾਨਦਾਰ ਮਠਿਆਈਆਂ ਬਣਾਉਣ ਸਮੇਂ ਵਰਤੋਂ ਕੀਤੀ ਜਾਣ ਵਾਲੀ ਸਮੱਗਰੀ ਉਚ ਗੁਣਵਤਾ ਦੀ ਹੋਵੇ, ਕਿਸੇ ਵੀ ਤਰ੍ਹਾਂ ਨਾਲ ਘਟੀਆਂ ਕੁਆਲਟੀ ਦਾ ਸਮਾਨ ਨਾ ਵਰਤਿਆ ਜਾਵੇ। ਉਨ੍ਹਾਂ ਕਿਹਾ ਕਿ ਦੁਕਾਨਾਂ ਅੰਦਰ ਸਾਫ-ਸਫਾਈ ਰੱਖਣੀ ਲਾਜਮੀ ਬਣਾਈ ਜਾਵੇ।ਫੂਡ ਸੇਫਟੀ ਅਫਸਰ ਹਰਵਿੰਦਰ ਸਿੰਘ ਨੇ ਕਿਹਾ ਕਿ ਸਿਵਲ ਸਰਜਨ ਡਾ. ਰੋਹਿਤ ਗੋਇਲ ਦੇ ਆਦੇਸ਼ਾਂ ਅਨੁਸਾਰ ਮਠਿਆਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਫੂਡ ਸੇਫਟੀ ਐਕਟ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਰਸਗੁਲੇ, ਬਰਫੀ, ਗੁਲਾਬ ਜਾਮੁਨ ਆਦਿ ਹੋਰ ਮਠਿਆਈਆਂ ਦੇ ਸੈਂਪਲ ਭਰੇ ਗਏ ਹਨ ਜਿੰਨਾ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਜੇਕਰ ਕੋਈ ਉਣਤਾਈ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ